ਹਮਲੇ ’ਚ ਸਾਬਕਾ ਫੌਜੀ ਗੰਭੀਰ ਜ਼ਖਮੀ
ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ’ਚ ਸਾਬਕਾ ਫੌਜੀ ਗੰਭੀਰ ਜ਼ਖਮੀ
Publish Date: Sat, 28 Feb 2026 04:13 PM (IST)
Updated Date: Sat, 28 Feb 2026 04:16 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਜ਼ਦੀਕੀ ਪਿੰਡ ਨਥਮੁਲਪੁਰ ਵਿਖੇ ਦੋ ਗੁਆਂਢੀਆਂ ਦਰਮਿਆਨ ਸੀਵਰੇਜ ਪਾਈਪ ਦੀ ਨਿਕਾਸੀ ਨੂੰ ਲੈ ਕੇ ਹੋਈ ਬਹਿਸਬਾਜ਼ੀ ਉਪਰੰਤ ਕੁਝ ਨੌਜਵਾਨਾਂ ਵੱਲੋਂ 50 ਸਾਲਾ ਸਾਬਕਾ ਫੌਜੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਥਾਣਾ ਸਦਰ ਮੋਰਿੰਡਾ ਵੱਲੋਂ ਅੱਧੀ ਦਰਜਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਐਡੀਸ਼ਨਲ ਐੱਸਐੱਚਓ ਸਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਸਬੀਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਵਾਸੀ ਪਿੰਡ ਨਥਮੁਲਪੁਰ ਨੇ ਦੱਸਿਆ ਕਿ ਉਹ ਫੌਜ ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਐੱਸਬੀਆਈ, ਸੈਕਟਰ-17 ਚੰਡੀਗੜ੍ਹ ਵਿਖੇ ਨੌਕਰੀ ਕਰਦਾ ਹੈ। ਉਸ ਦਾ ਘਰ ਆਪਣੇ ਚਾਚਾ ਡਾ.ਸਵਰਨ ਸਿੰਘ ਦੇ ਨਾਲ ਲੱਗਦਾ ਹੈ। ਉਸ ਨੇ ਦੱਸਿਆ ਕਿ 20 ਫਰਵਰੀ ਨੂੰ ਉਸ ਦੇ ਘਰ ਦੇ ਬਾਹਰ ਆ ਰਹੀ ਸੀਵਰੇਜ ਦੀ ਪਾਈਪ ਨੂੰ ਲੈ ਕੇ ਡਾ.ਸਵਰਨ ਸਿੰਘ ਨਾਲ ਬਹਿਸਬਾਜ਼ੀ ਤੇ ਹੱਥੋ ਪਾਈ ਹੋਈ ਸੀ। ਉਸ ਨੇ ਦੱਸਿਆ ਕਿ 24 ਫਰਵਰੀ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਦੇ ਕੋਲ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਘੇਰ ਲਿਆ ਅਤੇ ਕਿਰਪਾਨਾਂ, ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਇਸੇ ਦੌਰਾਨ ਇੱਕ ਹੋਰ ਮੋਟਰਸਾਈਕਲ ’ਤੇ ਉਸ ਦੇ ਚਾਚੇ ਦੇ ਲੜਕੇ ਗੁਰਵਿੰਦਰ ਸਿੰਘ ਸਮੇਤ ਤਿੰਨ ਹੋਰ ਨੌਜਵਾਨ ਮਾਰੂ ਹਥਿਆਰਾਂ ਨਾਲ ਆਏ ਅਤੇ ਉਨ੍ਹਾਂ ਵੱਲੋਂ ਵੀ ਉਸ ਦੇ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤਾਂ ਸਾਰੇ ਹਮਲਾਵਰਾਂ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਦੇ ਉਪਰੰਤ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ, ਉਸ ਦੇ ਪਿਤਾ ਖੁਸ਼ਹਾਲ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਆਂਦਾ ਗਿਆ, ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ, ਫੇਜ਼-6 ਮੁਹਾਲੀ ਵਿਖੇ ਭੇਜ ਦਿੱਤਾ ਗਿਆ, ਪ੍ਰੰਤੂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਨੂੰ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਐਡੀਸ਼ਨਲ ਐੱਸਐੱਚਓ ਸਮਰਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਡਾ.ਸਵਰਨ ਸਿੰਘ ਅਤੇ ਪੰਜ ਅਣਪਛਾਤੇ ਨੌਜਵਾਨਾਂ ਖਿਲਾਫ ਬੀਐੱਨਐੱਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।