ਅੰਬਾਲਾ-ਅਨੰਦਪੁਰ ਸਾਹਿਬ ਵਿਸ਼ੇਸ਼ ਰੇਲਗੱਡੀ ਚਲਾਈ
ਉੱਤਰੀ ਰੇਲਵੇ ਹੋਲਾ ਮਹੱਲਾ ਲਈ ਅੰਬਾਲਾ-ਅਨੰਦਪੁਰ ਸਾਹਿਬ-ਨੰਗਲ ਡੈਮ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ
Publish Date: Fri, 27 Feb 2026 06:43 PM (IST)
Updated Date: Fri, 27 Feb 2026 06:46 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਚ ਸ਼ੁਰੂ ਹੋਏ ਛੇ ਦਿਨਾਂ ਹੋਲਾ ਮਹੱਲਾ ਜੋੜ ਮੇਲੇ ਦੌਰਾਨ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਦੇਣ ਲਈ, ਉੱਤਰੀ ਰੇਲਵੇ ਨੇ ਅੰਬਾਲਾ-ਆਨੰਦਪੁਰ ਸਾਹਿਬ-ਨੰਗਲ ਡੈਮ ਵਿਚਕਾਰ ਇੱਕ ਵਿਸ਼ੇਸ਼ ਯਾਤਰੀ ਰੇਲਗੱਡੀ ਚਲਾਈ ਗਈ ਹੈ। ਵਿਭਾਗ ਵੱਲੋਂ ਇਸ ਵਿਸ਼ੇਸ਼ ਰੇਲਗੱਡੀ ਦੀ ਸ਼ੁਰੂਆਤ ਦੀ ਪੁਸ਼ਟੀ ਕਰਦਿਆਂ, ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਧੀਨ ਆਉਣ ਵਾਲੇ ਸਰਹਿੰਦ ਸੈਕਸ਼ਨ ਦੇ ਸੀਐਮਆਈ ਅਜੈ ਗੋਇਲ ਨੇ ਕਿਹਾ ਕਿ ਹੋਲੇ ਮਹੱਲੇ ਦੌਰਾਨ ਸੰਗਤ ਦੇ ਵੱਡੇ ਇਕੱਠ ਦੌਰਾਨ ਯਾਤਰਾ ਕਰਨ ਵਿਚ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਵਿਭਾਗ ਨੇ ਅੰਮ੍ਰਿਤਸਰ ਇੰਟਰ ਸਿਟੀ ਅਤੇ ਅੰਬਾਲਾ ਪੈਸੇਂਜਰ, ਜੋ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਅਸਥਾਈ ਤੌਰ ਤੇ ਬੰਦ ਸਨ, ਨੂੰ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਸ ਵਿਸ਼ੇਸ਼ ਰੇਲਗੱਡੀ ਦਾ ਸੰਚਾਲਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜੋ 7 ਮਾਰਚ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਰੇਲਗੱਡੀ ਅੰਬਾਲਾ ਤੋਂ ਰੋਜ਼ਾਨਾ ਸਵੇਰੇ 10:15 ਵਜੇ ਰਵਾਨਾ ਹੋਵੇਗੀ ਅਤੇ ਵੱਖ-ਵੱਖ ਛੋਟੇ-ਵੱਡੇ ਸਟੇਸ਼ਨਾਂ ਤੇ ਰੁਕਣ ਤੋਂ ਬਾਅਦ, ਇਹ ਸਵੇਰੇ 11:20 ਵਜੇ ਸਰਹਿੰਦ, ਦੁਪਹਿਰ 12:19 ਵਜੇ ਰੂਪਨਗਰ, ਦੁਪਹਿਰ 12:58 ਵਜੇ ਸ੍ਰੀ ਅਨੰਦਪੁਰ ਸਾਹਿਬ ਅਤੇ ਦੁਪਹਿਰ 1:20 ਵਜੇ ਨੰਗਲ ਡੈਮ ਪਹੁੰਚੇਗੀ। ਉਨ੍ਹਾਂ ਕਿਹਾ ਕਿ ਵਾਪਸੀ ਯਾਤਰਾ ਲਈ, ਇਹੀ ਰੇਲਗੱਡੀ ਨੰਗਲ ਡੈਮ ਤੋਂ ਦੁਪਹਿਰ 16:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 16:46 ਵਜੇ ਸ੍ਰੀ ਅਨੰਦਪੁਰ ਸਾਹਿਬ, ਸ਼ਾਮ 17:30 ਵਜੇ ਰੂਪਨਗਰ, ਸ਼ਾਮ 18:30 ਵਜੇ ਸਰਹਿੰਦ ਪਹੁੰਚੇਗੀ ਅਤੇ ਸ਼ਾਮ 19:30 ਵਜੇ ਅੰਬਾਲਾ ਵਿਖੇ ਰੁਕੇਗੀ। ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਹੋਲਾ ਮੁਹੱਲਾ ਦੌਰਾਨ ਭੀੜ ਘਟਾਉਣ ਵਿਚ ਯਕੀਨੀ ਤੌਰ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗੀ।