ਆਲੂ ਦੀ ਫਸਲ ਦੇ ਭਾਅ ਤੇ ਝਾੜ ਦੋਨੋਂ ਘਟੇ
ਆਲੂ ਦੀ ਫਸਲ ਨੇ ਕਿਸਾਨਾਂ ਨੂੰ ਧੱਕਿਆ ਆਰਥਿਕ ਘਾਟੇ ਵੱਲ,ਭਾਅ ਤੇ ਝਾੜ ਦੋਨੋਂ ਘਟੇ
Publish Date: Fri, 27 Feb 2026 06:41 PM (IST)
Updated Date: Fri, 27 Feb 2026 06:43 PM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ ਬੇਲਾ : ਪੰਜਾਬ ਦੀ ਕਿਸਾਨੀ ਪਹਿਲਾਂ ਝੋਨੇ ਦੇ ਝਾੜ ਘੱਟ ਨਿਕਲਣ ਕਾਰਨ ਫਿਰ ਗੰਨੇ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਅਤੇ ਹੁਣ ਆਲੂਆਂ ਦੀ ਫਸਲ ਦਾ ਝਾੜ ਅਤੇ ਭਾਅ ਘੱਟਣ ਨਾਲ ਵੱਡੇ ਆਰਥਿਕ ਘਾਟੇ ਵੱਲ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਕਿਸਾਨੀ ਧੰਦੇ ਲਈ ਆਲੂਆਂ ਦੀ ਤਿੰਨ ਤੋਂ ਚਾਰ ਮਹੀਨੇ ਦੀ ਫਸਲ ਬੇਹੱਦ ਲਾਹੇਵੰਦ ਮੰਨੀ ਜਾਂਦੀ ਸੀ ਤੇ ਇਸ ਵਿੱਚੋਂ ਬਹੁਗਿਣਤੀ ਕਿਸਾਨਾਂ ਨੇ ਲੱਖਾਂ ਰੁਪਏ ਕਮਾਏ ਹਨ ਤੇ ਹੋਰ ਵੱਧ ਕਮਾਈ ਕਰਨ ਲਈ ਉਨਾਂ ਆਲੂਆਂ ਦੀ ਫ਼ਸਲ ਨੂੰ ਆਪਣੀ ਮੁੱਖ ਫ਼ਸਲ ਬਣਾ ਲਿਆ ਤੇ ਜਿੱਦੋ ਜਿੱਦੀ ਜ਼ਮੀਨਾਂ ਦੇ ਠੇਕੇ ਦੇ ਭਾਅ ਵਧਾ ਦਿੱਤੇ ਤੇ ਇੱਕ ਦੂਜੇ ਤੋਂ ਚੋਰੀ ਵੱਧ ਭਾਅ ਤੇ ਜ਼ਮੀਨਾਂ ਠੇਕੇ ਤੇ ਲਈਆਂ ਪਰ ਇਸ ਵਾਰ ਆਲੂਆਂ ਦੀ ਫ਼ਸਲ ਨੇ ਕਮਾਈ ਦਾ ਵਿਸ਼ਵਾਸ ਲਈ ਬੈਠੇ ਕਿਸਾਨ ਨੂੰ ਅਜਿਹਾ ਧੋਬੀ ਪਲਟਾ ਮਾਰਿਆ ਕਿ ਆਲੂਆਂ ਦੇ ਭਾਅ ਤੇ ਝਾੜ ਦੋਨੋਂ ਘਟਣ ਕਾਰਨ ਆਲੂ ਕਾਸ਼ਤਕਾਰ ਵੱਡੇ ਆਰਥਿਕ ਘਾਟੇ ਵਿੱਚ ਫਸ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਕਾਮਯਾਬ ਕਿਸਾਨ ਅਜੈਬ ਸਿੰਘ ਅਤੇ ਜਸਵਿੰਦਰ ਸਿੰਘ ਹਵੇਲੀ ਕਲਾਂ ਰੂਪਨਗਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਲੱਗੇ ਆਲੂ ਦਾ ਝਾੜ ਭਾਵੇਂ ਥੋੜਾ ਠੀਕ ਹੈ ਪ੍ਰੰਤੂ ਨਵੰਬਰ ਮਹੀਨੇ ਵਿਚ ਲੱਗੇ ਆਲੂ ਦਾ ਝਾੜ ਬਹੁਤ ਘੱਟ ਹੈ, ਜਿੱਥੇ ਪਹਿਲਾਂ ਪ੍ਰਤੀ ਏਕੜ ਢਾਈ ਸੌ ਕੱਟਾ (ਸਵਾ ਸੌ ਕੁਇੰਟਲ) ਝਾੜ ਨਿਕਲਦਾ ਸੀ ਇਸ ਵਾਰ ਇਹ ਡੇਢ ਤੋਂ ਪੌਣੇ ਦੋ ਸੌ ਕੱਟਾ ਪ੍ਰਤੀ ਏਕੜ ( ਸੱਤਰ ਤੋਂ ਅੱਸੀ ਕੁਇੰਟਲ) ਰਹਿ ਗਿਆ ਹੈ ਤੇ ਦੂਜੇ ਪਾਸੇ ਆਲੂਆਂ ਦਾ ਭਾਅ ਨਹੀਂ ਤਿੰਨ ਸੌ ਤੋਂ ਚਾਰ ਸੌਂ ਰੁਪਏ ਕੁਇੰਟਲ ਆ ਗਿਆ ਹੈ ਜਿਸ ਨਾਲ ਸਿੱਧਾ ਸਿੱਧਾ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਦਾ ਆਰਥਿਕ ਤੌਰ ਤੇ ਘਾਟਾ ਪੈ ਰਿਹਾ ਹੈ ਕਿਉਂਕਿ ਇੱਕ ਏਕੜ ਆਲੂਆਂ ਦੀ ਫ਼ਸਲ ਨੂੰ ਤਿਆਰ ਕਰਕੇ ਵੇਚਣ ਤੇ ਲਗਭਗ ਨੱਬੇ ਹਜ਼ਾਰ ਰੁਪਏ ( ਠੇਕਾ ਰਕਮ ਨਾਲ) ਖਰਚਾ ਆਉਂਦਾ ਹੈ ਪਰ ਇਸ ਵਾਰ ਆਮਦਨ ਚਾਲੀ ਤੋਂ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਰਹਿ ਗਈ ਹੈ।ਉੱਧਰ ਭਾਰਤੀ ਕਿਸਾਨ ਯੂਨਟੀਅਨ ਕਾਂਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾਕਿ ਪੰਜਾਬ ਦੀ ਕਿਸਾਨੀ ਬੜੇ ਮਾੜੇ ਦੌਰ ਵਿਚ ਗੁਜ਼ਰ ਰਹੀ ਹੈ ਕਦੇ ਕੁਦਰਤੀ ਮਾਰ ਪੈ ਜਾਂਦੀ ਹੈ ਕਦੇ ਸਮੇਂ ਦੀਆ ਸਰਕਾਰਾਂ ਦੀ ਮਾਰ ਪੈ ਜਾਂਦੀ ਹੈ। ਉਨ੍ਹਾਂ ਕਿਹਾਕਿ ਜਦੋਂ ਤੱਕ ਸਰਕਾਰ ਸਾਡਰੀਆ ਫਸਲਾਂ ‘ਤੇ ਐਮਐਸਪੀ ਲਾਗੂ ਨਹੀ ਕਰਦੀ ਉਦੋਂ ਤੱਕ ਕਿਸਾਨ ਦੀ ਝੋਲੀ ਵਿਚ ਘਾਟਾ ਪੈਦਾ ਰਹੇਗਾ। ਉਨ੍ਹਾਂ ਕਿਹਾਕਿ ਇੱਕ ਫੈਕਟਰੀ ਮਾਲਕ ਨੂੰ ਪਤਾ ਹੁੰਦਾ ਹੈ ਕਿ ਉਸ ਵੱਲੋਂ ਤਿਆਰੇ ਕੀਤੇ ਸਮਾਨ ਦਾ ਰੇਟ ਇਹ ਹੈ ਪਰ ਕਿਸਾਨ ਜਦੋਂ ਫਸਲੀ ਵਿਭਿੰਨਤਾ ਤੋਂ ਦੂਜੀਆ ਫਸਲਾ ਬੀਜ਼ਦੇ ਹਨ ਤਾਂ ਉਨ੍ਹਾਂ ਲਈ ਕੋਈ ਰੇਟ ਨਿਸਚਿਤ ਨਹੀ ਹੁੰਦਾ ਅੱਜ ਆਲੂ ਦੀ ਫਸਲ ਦਾ ਝਾੜ ਵਿਚ ਘੱਟ ਗਿਆ ਤੇ ਰੇਟ ਵਪਾਰੀ ਆਪਣੀ ਮਰਜੀ ਨਾਲ ਦੇ ਰਹੇ ਹਨ ਕਿਸਾਨ ਕਿੱਧਰ ਜਾਵੇ। ਉਨ੍ਹਾਂ ਕਿਹਾਕਿ ਦੋ ਮਹੀਨੇ ਬਾਅਦ ਇਹੀ ਆਲੂ ਕਈ ਗੁਣਾ ਵੱਧ ਕੀਮਤ ‘ਤੇ ਵਿੱਕਣਾ ਹੈ।