ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਸਖਤ ਨਿਖੇਧੀ
ਐੱਸਐੱਸਏ ਨਾਨ-ਟੀਚਿੰਗ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਸਖਤ ਨਿਖੇਧੀ
Publish Date: Fri, 27 Feb 2026 02:54 PM (IST)
Updated Date: Fri, 27 Feb 2026 02:58 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸਰਵ ਸਿੱਖਿਆ ਅਭਿਆਨ ਅਧੀਨ ਕੰਮ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਵਾਟਰ ਕੈਨਨ ਦੀ ਵਰਤੋਂ ਦੀ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਕਰਮਚਾਰੀਆਂ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਇਸ ਘਟਨਾ ਨੂੰ ਲੋਕਤੰਤਰ ਦੇ ਹੱਕਾਂ ‘ਤੇ ਚੋਟ ਦੱਸਦਿਆਂ ਕਿਹਾ ਕਿ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਪੜ੍ਹੇ-ਲਿਖੇ ਕਰਮਚਾਰੀਆਂ ‘ਤੇ ਬਲ ਪ੍ਰਯੋਗ ਕਰਨਾ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਅਧੀਨ ਸਰਵ ਸਿੱਖਿਆ ਅਭਿਆਨ, ਰਮਸਾ ਅਤੇ ਮਿਡ-ਡੇ ਮੀਲ ਪ੍ਰੋਜੈਕਟਾਂ ਹੇਠ ਸਾਲ 2005 ਤੋਂ ਮੁੱਖ ਦਫ਼ਤਰ, ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸੇਵਾ ਨਿਭਾ ਰਹੇ ਦਫਤਰੀ ਕਰਮਚਾਰੀਆਂ ਵੱਲੋਂ ਸਰਕਾਰ ਵੱਲੋਂ ਜਾਰੀ ਰੈਗੂਲਰਾਈਜ਼ੇਸ਼ਨ ਨੋਟੀਫਿਕੇਸ਼ਨ ਵਿਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ। 23 ਸਤੰਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੱਤਵੇਂ ਤਨਖਾਹ ਕਮਿਸ਼ਨ ਦੇ ਅਧਾਰ ‘ਤੇ ਰੈਗੂਲਰ ਕਰਨ ਨਾਲ ਕਰਮਚਾਰੀਆਂ ਦੀ ਤਨਖਾਹ ਵਿਚ ਵੱਡੀ ਕਟੌਤੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਸਬੰਧੀ ਐੱਸਐੱਸਏ ਨਾਨ ਟੀਚਿੰਗ ਯੂਨੀਅਨ ਦੇ ਬਲਾਕ ਪ੍ਰਧਾਨ ਅਮਰਦੀਪ ਸਿੰਘ, ਸਕੱਤਰ ਅਮਨਜੋਤ ਸਿੰਘ ਢੀਂਡਸਾ ਅਤੇ ਕੈਸ਼ੀਅਰ ਗੀਤਾਂਜਲੀ ਅਰੋੜਾ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਦੀ 16 ਦਸੰਬਰ 2019 ਦੀ ਪ੍ਰਵਾਨਗੀ ਅਤੇ ਅਦਾਲਤੀ ਫੈਸਲਿਆਂ ਦੇ ਅਧਾਰ ‘ਤੇ ਉਨ੍ਹਾਂ ਨੂੰ 1 ਅਪ੍ਰੈਲ 2018 ਤੋਂ ਮੌਜੂਦਾ ਪੇਅ ਸਕੇਲਾਂ ਅਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ। ਇਨ੍ਹਾਂ ਕਰਮਚਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮਿਡ-ਡੇ ਮੀਲ ਦਫਤਰੀ ਕਰਮਚਾਰੀਆਂ ਨੂੰ ਵੀ ਸਮੱਗਰ ਸਿੱਖਿਆ ਅਭਿਆਨ ਦੇ ਸਟਾਫ਼ ਦੇ ਨਾਲ ਰੈਗੂਲਰ ਕਰਨ ਅਤੇ ਤਨਖਾਹ ਸਬੰਧੀ ਗੜਬੜਾਂ ਦੂਰ ਕਰਨ ਦੀ ਮੰਗ ਕੀਤੀ ਗਈ ਹੈ। ਸ਼੍ਰੀ ਚਮਕੌਰ ਸਾਹਿਬ ਤੋਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਧਰਮਿੰਦਰ ਸਿੰਘ ਭੰਗੂ, ਇਕਬਾਲ ਸਿੰਘ ਹਾਫਿਜ਼ਾਬਾਦ, ਗੁਰਪ੍ਰੀਤ ਸਿੰਘ ਕੈਂਬੋ, ਦਲੀਪ ਸਿੰਘ ਭੂਰੜੇ, ਬਲਵੰਤ ਸਿੰਘ ਕੋਟਲੀ, ਦਲਜੀਤ ਸਿੰਘ ਜਟਾਣਾ, ਗੁਰਿੰਦਰ ਸਿੰਘ ਗੋਗੀ, ਲੈਕਚਰਾਰ ਰਵਿੰਦਰ ਸਿੰਘ, ਬਲਜਿੰਦਰ ਸਿੰਘ ਸਾਂਤਪੁਰੀ, ਹਰਨੇਕ ਸਿੰਘ, ਸੁਰਿੰਦਰਪਾਲ ਸਿੰਘ ਬੰਟੀ ਕੰਧੋਲਾ, ਜਤਿੰਦਰ ਕੁਮਾਰ, ਦੁਪਿੰਦਰਜੀਤ ਕੌਰ, ਰੰਜਨਾ, ਸੰਗੀਤਾ ਰਾਣੀ, ਸੋਨਿਕਾ ਦੱਤਾ, ਅਨੀਸ਼ਾ ਕੌਰ, ਸ਼ਾਲੂ, ਕੰਚਨ ਠਾਕੁਰ ਅਤੇ ਬਲਵਿੰਦਰ ਸਿੰਘ ਨੇ ਵੀ ਕਰਮਚਾਰੀਆਂ ‘ਤੇ ਕੀਤੀ ਕਾਰਵਾਈ ਦੀ ਤਿੱਖੀ ਆਲੋਚਨਾ ਕਰਦਿਆਂ ਸਰਕਾਰ ਤੋਂ ਮਸਲੇ ਦਾ ਤੁਰੰਤ ਹੱਲ ਕੱਢਣ ਦੀ ਮੰਗ ਕੀਤੀ ਹੈ।