ਦੋ ਵਾਰ ਬੀਜੀ ਮੱਕੀ ਜੰਗਲੀ ਸੂਰਾਂ ਨੇ ਫਿਰ ਉਜਾੜੀ
ਜੰਗਲੀ ਸੂਰਾਂ ਦਾ ਅਤੰਕ : ਦੋ ਵਾਰ ਬੀਜੀ ਦੋ ਏਕੜ ਮੱਕੀ ਫਿਰ ਉਜਾੜੀ
Publish Date: Thu, 26 Feb 2026 06:30 PM (IST)
Updated Date: Thu, 26 Feb 2026 06:34 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿਚ ਜੰਗਲੀ ਸੂਰਾ ਵੱਲੋਂ ਫਸਲਾਂ ਦਾ ਉਜਾੜਾ ਕਰਨ ਦਾ ਸਿਲਸਲਾ ਰੁਕ ਨਹੀ ਰਿਹਾ ਆਏ ਦਿਨ ਕਿਸੇ ਕਿਸੇ ਕਿਸਾਨ ਦੀ ਫਸਲ ਨੂੰ ਤਬਾਹ ਕਰ ਰਹੇ ਹਨ ਜਿਸ ਨੂੰ ਲੈ ਕੇ ਕਿਸਾਨ ਚਿੰਤਤ ਹਨ ਅਤੇ ਅਰਥਿਕ ਨੁਕਸਾਨ ਝੱਲ ਰਹੇ ਹਨ। ਜਾਣਕਾਰੀ ਅਨਸਾਰ ਪਿੰਡ ਮਾਹਲਾਂ ਦੇ ਕਿਸਾਨ ਪਰਮਜੀਤ ਸਿੰਘ ਪ੍ਰਧਾਨ ਦੀ ਦੋ ਏਕੜ ਵਿਚ ਬੀਜੀ ਮੱਕੀ ਦੀ ਫ਼ਸਲ ਕੁਝ ਸਮਾਂ ਪਹਿਲਾਂ ਜੰਗਲੀ ਸੂਰਾਂ ਵੱਲੋਂ ਉਜਾੜ ਦਿੱਤੀ ਗਈ ਸੀ, ਜਿਸ ਨਾਲ ਉਸ ਨੂੰ ਕਾਫ਼ੀ ਆਰਥਿਕ ਝਟਕਾ ਲੱਗਿਆ ਸੀ। ਪਰ ਉਕਤ ਕਿਸਾਨ ਨੇ ਹੌਂਸਲਾ ਨਾ ਹਾਰਦਿਆਂ ਦੁਬਾਰਾ ਮਿਹਨਤ ਕਰਕੇ ਉਸੇ ਦੋ ਏਕੜ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ। ਉਸ ਨੇ ਖੇਤ ਦੀ ਰਾਖੀ ਲਈ ਰਾਤਾਂ ਜਾਗ ਕੇ ਪਹਿਰਾ ਦਿੱਤਾ, ਡਰਾਉਣ ਵਾਲੇ ਉਪਕਰਣ ਲਗਾਏ ਅਤੇ ਲੋਕਾਂ ਦੀ ਸਲਾਹ ਅਨੁਸਾਰ ਖੇਤ ਦੇ ਕੋਨਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਜੰਗਲੀ ਜਾਨਵਰਾਂ ਨੂੰ ਰੋਕਣ ਦੇ ਯਤਨ ਵੀ ਕੀਤੇ। ਕਿਸਾਨ ਨੇ ਉਮੀਦ ਜਤਾਈ ਸੀ ਕਿ ਇਸ ਵਾਰ ਫ਼ਸਲ ਬਚ ਜਾਵੇਗੀ ਅਤੇ ਪਹਿਲੇ ਨੁਕਸਾਨ ਦੀ ਭਰਪਾਈ ਹੋ ਸਕੇਗੀ। ਪਰ ਕਿਸਮਤ ਨੇ ਫਿਰ ਸਾਥ ਨਾ ਦਿੱਤਾ। ਬੀਤੀ ਰਾਤ ਜੰਗਲੀ ਸੂਰਾਂ ਦੇ ਝੁੰਡ ਨੇ ਖੇਤ ਵਿਚ ਦਾਖਲ ਹੋ ਕੇ ਨਵੀਂ ਪੁੰਗਰੀ ਮੱਕੀ ਨੂੰ ਜੜਾਂ ਸਮੇਤ ਉਖਾੜ ਦਿੱਤਾ ਅਤੇ ਪੂਰੇ ਦੋ ਏਕੜ ਵਿਚ ਫ਼ਸਲ ਤਬਾਹ ਕਰ ਦਿੱਤੀ। ਸਵੇਰੇ ਖੇਤ ਵਿਚ ਪਹੁੰਚੇ ਕਿਸਾਨ ਨੇ ਜਦੋਂ ਤਬਾਹ ਹੋਈ ਫ਼ਸਲ ਦੇ ਦ੍ਰਿਸ਼ ਵੇਖੇ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਦੋ ਵਾਰ ਲਗਾਤਾਰ ਹੋਏ ਨੁਕਸਾਨ ਨਾਲ ਉਸ ਨੂੰ ਲਗਭਗ ਡੇਢ ਲੱਖ ਰੁਪਏ ਤੋਂ ਵੱਧ ਦਾ ਆਰਥਿਕ ਘਾਟਾ ਪਿਆ ਹੈ ਅਤੇ ਉਹ ਮਾਨਸਿਕ ਤੌਰ ’ਤੇ ਵੀ ਕਾਫ਼ੀ ਪ੍ਰੇਸ਼ਾਨ ਹੈ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜੰਗਲੀ ਸੂਰਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਮੱਕੀ, ਆਲੂ, ਗੰਨਾ ਅਤੇ ਸਬਜ਼ੀਆਂ ਵਰਗੀਆਂ ਫ਼ਸਲਾਂ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਰਾਤ ਦੇ ਸਮੇਂ ਟੋਲੀਆਂ ਵਿਚ ਆਉਣ ਵਾਲੇ ਸੂਰ ਖੇਤਾਂ ਨੂੰ ਬੁਰੀ ਤਰ੍ਹਾਂ ਉਜਾੜ ਦੇਂਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਰਾਤਾਂ ਜਾਗ ਕੇ ਰਾਖੀ ਕਰਨੀ ਪੈਂਦੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਸੁਰੱਖਿਆ ਲਈ ਢੁਕਵੇਂ ਅਤੇ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਕਦੀ ਫ਼ਸਲਾਂ ਦੀ ਖੇਤੀ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਮਲਕੀਤ ਸਿੰਘ, ਜਸਵਿੰਦਰ ਸਿੰਘ, ਅਮਨਾ, ਭੂਰੀ ਅਤੇ ਰਾਜ ਕੁਮਾਰ ਆਦਿ ਕਿਸਾਨ ਹਾਜ਼ਰ ਸਨ।ਉੱਧਰ ਜ਼ਿਲ੍ਹਾ ਜੰਗਲੀ ਜ਼ੀਵ ਸੁਰੱਖਿਆ ਅਫ਼ਸਰ ਮਨੋਜ ਸ਼ਰਮਾ ਨੇ ਕਿਹਾਕਿ ਜੰਗਲੀ ਸੂਰ ਜੇਕਰ ਕਿਸੇ ਕਿਸਾਨ ਦੀ ਫਸਲ ਨੂੰ ਨੁਕਸਾਨ ਪਹੁੰਚ ਰਹੇ ਹਨ ਤਾਂ ਵਿਭਾਗ ਨੂੰ ਜਿਸ ਕਿਸਾਨ ਕੋਲ ਲਾਇੰਸੈਸੀ ਵੈਪਨ ਹੈ ਤਾਂ ਉਸ ਨੂੰ ਲੀਗਲ ਤੌਰ ਤੇ ਪ੍ਰਣਾਮਿਤ ਹੰਟਿੰਗ ਪਰਮਿਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾਕਿ ਸਾਡੇ ਕੋਲ ਕਿਸੇ ਵੀ ਕਿਸਾਨ ਦੀ ਕੋਈ ਸ਼ਕਾਇਤ ਨਹੀ ਆਈ ਹੈ।