ਬੇਅਦਬੀ ਖਿਲਾਫ਼ ਕਾਨੂੰਨ ਬਣਾਉਣ ਦੀ ਕੀਤੀ ਮੰਗ
ਸਰਵ ਧਰਮਾਂ ਦੀ ਬੇਅਦਬੀ ਖਿਲਾਫ਼ ਕਾਨੂੰਨ ਬਣਾਉਣ ਲਈ ਸਮਾਣਾ ਟਾਵਰ ਮੋਰਚੇ ਵਿਚ ਗੂੰਜਿਆ ਪੰਜਾਬ ਮੋਰਚਾ
Publish Date: Thu, 26 Feb 2026 06:28 PM (IST)
Updated Date: Thu, 26 Feb 2026 06:31 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਵ ਧਰਮਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਟਾਵਰ ਮੋਰਚੇ ਵਿਚ ਪੰਜਾਬ ਮੋਰਚੇ ਦੀ ਗੂੰਜ ਸੁਣਾਈ ਦਿੱਤੀ। ਮੋਰਚੇ ਦੌਰਾਨ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਆਏ ਲੋਕਾਂ ਨੇ ਇਕੱਠੇ ਹੋ ਕੇ ਧਾਰਮਿਕ ਆਦਰ-ਸਤਿਕਾਰ ਦੀ ਰੱਖਿਆ ਲਈ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਨੂੰ ਜਲਦੀ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਮੋਰਚੇ ਦੇ ਬੁਲਾਰੇ ਨੇ ਰੂਪਨਗਰ ਵਿਖੇ ਇੱਕ ਪ੍ਰੈਸ ਨੋਟ ਰਾਂਹੀ ਦੱਸਿਆ ਇੱਕਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸਟੇਟ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਾਡੇ ਧਾਰਮਿਕ ਸ਼ਾਸਤਰਾਂ ਵਿਚ ਸਪਸ਼ਟ ਲਿਖਿਆ ਹੈ ਕਿ ਰਾਜਾ ਜਾਂ ਸ਼ਾਸਕ ਧਰਮ ਪਰਾਇਣ ਹੋਣਾ ਚਾਹੀਦਾ ਹੈ ਅਤੇ ਪ੍ਰਜਾ ਦੇ ਧਾਰਮਿਕ ਭਾਵਨਾਂ ਦੀ ਰੱਖਿਆ ਕਰਨਾ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਇਸ ਮਾਮਲੇ ‘ਤੇ ਠੋਸ ਕਾਨੂੰਨ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਵਿਚ ਹਾਲਾਤ ਸਰਕਾਰ ਲਈ ਔਖੇ ਸਾਬਤ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਧਾਰਮਿਕ ਬੇਅਦਬੀ ਦੇ ਮਾਮਲੇ ਸਿਰਫ਼ ਇਕ ਧਰਮ ਨਾਲ ਨਹੀਂ ਸਬੰਧਿਤ ਹੁੰਦੇ, ਇਹ ਸਾਰੇ ਸਮਾਜ ਦੀ ਆਤਮਿਕ ਭਾਵਨਾ ਨਾਲ ਜੁੜੇ ਹੁੰਦੇ ਹਨ, ਇਸ ਲਈ ਸਰਕਾਰ ਨੂੰ ਸਰਵ ਧਰਮਾਂ ਦੀ ਰੱਖਿਆ ਲਈ ਇਕਸਾਰ ਅਤੇ ਕੜਾ ਕਾਨੂੰਨੀ ਢਾਂਚਾ ਤਿਆਰ ਕਰਨਾ ਚਾਹੀਦਾ ਹੈ। ਮੋਰਚੇ ਵਿਚ ਮੌਜੂਦ ਲੋਕਾਂ ਨੇ ਹੱਥ ਚੁੱਕ ਕੇ ਇਸ ਮੰਗ ਦਾ ਸਮਰਥਨ ਕੀਤਾ ਅਤੇ ਜੈਕਾਰੇ ਛੱਡਦੀਆਂ ਆਪਣੀ ਇਕਜੁੱਟਤਾ ਦਿਖਾਈ। ਮੋਰਚੇ ਦੇ ਅੰਤ ਵਿਚ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ ਅਤੇ ਜਦ ਤੱਕ ਸਰਕਾਰ ਸਪਸ਼ਟ ਰੁਖ ਨਹੀਂ ਲੈਂਦੀ, ਤਦ ਤੱਕ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ।