ਆਈਈਟੀ ਭੱਦਲ ਕਾਲਜ ਵਿਖੇ ਕਰੀਅਰ ਸੈਮੀਨਾਰ
ਆਈਈਟੀ ਭੱਦਲ ਕਾਲਜ ਵਿਖੇ ਕਰੀਅਰ ਸੈਮੀਨਾਰ ਦਾ ਆਯੋਜਨ
Publish Date: Thu, 26 Feb 2026 05:51 PM (IST)
Updated Date: Thu, 26 Feb 2026 05:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਵਿਖੇ ਤਕਨੀਕੀ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਇੱਕ ਕਿੱਤਾ ਅਗਵਾਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਆਈਈਟੀ ਭੱਦਲ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ਦੌਰਾਨ ਕਰੀਅਰ ਕਾਊਂਸਲਰ ਡਾ.ਜਸਵੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਯੋਗਤਾ ਮੁਕੰਮਲ ਹੋਣ ਉਪਰੰਤ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿਚ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਜੋਕੇ ਇੰਟਰਨੈਟ ਯੁੱਗ ਵਿਚ ਭਾਵੇਂ ਵਿਦਿਆਰਥੀਆਂ ਕੋਲ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ ਪ੍ਰੰਤੂ ਫਿਰ ਵੀ ਵਿਦਿਆਰਥੀ ਇਸ ਨੂੰ ਆਪਣੇ ਕਰੀਅਰ ਜਾਂ ਭਵਿੱਖ ਲਈ ਉਪਯੋਗ ਨਾ ਕਰਦੇ ਹੋਏ ਹੋਰ ਚੀਜ਼ਾਂ ਵੱਲ ਵਧੇਰੇ ਆਕਰਸ਼ਿਤ ਰਹਿੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਟੀਚਾ ਨਿਰਧਾਰਤ ਕਰਨ ਅਤੇ ਮੰਜ਼ਿਲ ਵੱਲ ਵੱਧਣ ਲਈ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨੀਕੀ ਖੇਤਰਾਂ ਦੇ ਨਾਲ ਨਾਲ ਫੌਜ, ਐੱਨਡੀਏ ਅਤੇ ਹਵਾਈ ਸੈਨਾ ਵਿਚ ਸਬੰਧੀ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਵਿਚ ਭਾਗ ਲੈਣ ਤੇ ਤਿਆਰੀ ਅਤੇ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਕਿੱਤਾ ਅਗਵਾਈ, ਸਵੈ-ਰੁਜ਼ਗਾਰ ਅਪਣਾਉਣ ਲਈ ਕਰਜ਼ਾ ਸਹੂਲਤਾਂ, ਮੁਕਾਬਲੇ ਦੀ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਕਲਾਸਾਂ, ਹੁਨਰ ਵਿਕਾਸ ਅਤੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਆਦਿ ਸਹੂਲਤਾਂ ਮੁਹੱਈਆ ਕਰਵਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਿਊਰੋ ਵਿਖੇ ਹਰ ਹਫ਼ਤੇ 2 ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ:01881-222104 ’ਤੇ ਸੰਪਰਕ ਕਰ ਸਕਦੇ ਹਨ। ਇਸ ਸੈਮੀਨਾਰ ਦੌਰਾਨ ਆਈਈਟੀ ਕਾਲਜ ਭੱਦਲ ਦੇ ਪ੍ਰੋ.ਓਂਕਾਰ ਸਿੰਘ, ਸੀਨੀਅਰ ਫੈਕਲਟੀ ਤੇ ਵਿਦਿਆਰਥੀ ਮੌਜੂਦ ਸਨ।