ਬੇਲਾ ਕਾਲਜ ਦੇ ਵਿਦਿਆਰਥੀਆਂ ਦਾ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ
ਬੇਲਾ ਕਾਲਜ ਦੇ ਵਿਦਿਆਰਥੀਆਂ ਦਾ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 26 Feb 2026 04:42 PM (IST)
Updated Date: Thu, 26 Feb 2026 04:46 PM (IST)

ਕਾਲਜ ਦੀ ਟੀਮ ਨੇ ਹਾਸਲ ਕੀਤੀ ਰੱਨਰ ਅੱਪ ਟਰਾਫੀ ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਬੇਲਾ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਡ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਇੰਟਰ-ਕਾਲਜ ਯੂਥ ਫੈਸਟੀਵਲ ਵਿਚ ਆਪਣੀ ਸਭਿਆਚਾਰਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਡਾਇਰੈਕਟਰ ਸੈਲੇਸ਼ ਸ਼ਰਮਾ ਨੇ ਦੱਸਿਆ ਕਿ ਇਸ ਇੰਟਰ-ਕਾਲਜ ਯੂਥ ਫੈਸਟੀਵਲ ਵਿਚ ਉਨ੍ਹਾਂ ਦੇ ਕਾਲਜ ਦੇ 22 ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ, ਪੋਸਟਰ ਮੇਕਿੰਗ, ਗੱਤਕਾ, ਦਸਤਾਰ ਤੇ ਦੁਮਾਲਾ ਸਜਾਉਣ, ਕੁਇਜ਼, ਗੁਰਬਾਣੀ ਉੱਚਾਰਣ ਅਤੇ ਕੈਲੀਗ੍ਰਾਫੀ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹੋਏ ਕਲਾਤਮਕ ਅਤੇ ਵਿਰਾਸਤੀ ਕੌਸ਼ਲ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਦੁਮਾਲਾ ਸਜਾਉਣ ਦੇ ਮੁੰਡਿਆਂ ਦੇ ਮੁਕਾਬਲਿਆਂ ਵਿਚ ਸਿਮਰਨਜੀਤ ਸਿੰਘ ਨੇ ਪਹਿਲਾ ਅਤੇ ਰਾਜਵੀਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਲੜਕੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੱਤਕਾ ਵਿਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਨ ਨਾਲ ਇੰਟਰ-ਕਾਲਜ ਯੂਥ ਫੈਸਟੀਵਲ ਦੀ ਰੱਨਰ-ਅਪ ਟ੍ਰਾਫੀ ਹਾਸਲ ਕੀਤੀ। ਉਨ੍ਹਾਂ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਸਟਾਫ ਦੇ ਮਾਰਗਦਰਸ਼ਨ ਤੇ ਵਿਦਿਆਰਥੀਆਂ ਦੀ ਮੇਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਵਿਦਿਆਰਥੀਆਂ ਵਿਚ ਸੱਭਿਆਚਾਰਕ ਵਿਰਾਸਤ ਅਤੇ ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਨ ਤੇ ਸਾਹਮਣੇ ਲਿਆਉਂਦੀਆਂ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਾਲਜ ਵਿਖੇ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਹੋਰ ਗਤਿਵਿਧਿਆਂ ਵਿਚ ਭਾਗ ਲੈਣ ਲਈ ਉਤਸਾਹਿਤ ਕੀਤਾ। ਇਸ ਮੌਕੇ ਮਨਪ੍ਰੀਤ ਕੌਰ ਅਤੇ ਕੁਲਵਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ, ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।