ਗੁਰੂ ਨਗਰ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਲਿਆ ਜਾਇਜ਼ਾ
ਵਿਧਾਇਕ ਚੱਢਾ ਨੇ ਗੁਰੂ ਨਗਰ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਲਿਆ ਜਾਇਜ਼ਾ
Publish Date: Wed, 25 Feb 2026 05:04 PM (IST)
Updated Date: Wed, 25 Feb 2026 05:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਗੁਰੂ ਨਗਰ ਵਿਖੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਥਾਨਕ ਵਸਨੀਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ੍ਹ ਸਬੰਧੀ ਇਲਾਕੇ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਉਪਰੰਤ ਉਨ੍ਹਾਂ ਨਗਰ ਕੌਂਸਲ, ਵਾਟਰ ਸਪਲਾਈ ਵਿਭਾਗ ਅਤੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਇਕ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ। ਇਸ ਮੌਕੇ ਵਿਧਾਇਕ ਚੱਢਾ ਨੇ ਦੱਸਿਆ ਕਿ ਗੁਰੂ ਨਗਰ ਵਿਖੇ ਗੰਭੀਰ ਰੂਪਧਾਰ ਚੁੱਕੀ ਪੀਣ ਵਾਲੇ ਪਾਣੀ ਦੀ ਘਾਟ ਅਤੇ ਘੱਟ ਪ੍ਰੈਸ਼ਰ ਦੀ ਸਮੱਸਿਆ ਦੇ ਹੱਲ੍ਹ ਲਈ ਲਗਭਗ 400 ਮੀਟਰ ਨਵੀਂ ਪਾਈਪ ਲਾਈਨ ਵਿਛਾਈ ਗਈ ਹੈ । ਇਹ ਪਾਈਪਲਾਈਨ ਰੂਪਨਗਰ ਸ਼ਹਿਰ ਵਿਚ ਕਰੀਬ 12 ਤੋਂ 13 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਪੀਣਯੋਗ ਪਾਣੀ ਦੇ ਪ੍ਰੋਜੈਕਟ ਅਧੀਨ ਵਿਛਾਈ ਗਈ ਹੈ। ਇਸ ਨਾਲ ਪਾਣੀ ਦੀ ਸਪਲਾਈ ਵਿਚ ਸੁਧਾਰ ਆਏਗਾ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਓਵਰਫਲੋ ਦੀ ਸਮੱਸਿਆ ਦੇ ਹੱਲ੍ਹ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸੋਮਵਾਰ ਤੱਕ ਇਲਾਕੇ ਦੀ ਲੈਵਲਿੰਗ ਦਾ ਕੰਮ ਪੂਰਾ ਕੀਤਾ ਜਾਵੇ। ਇਸ ਤੋਂ ਬਾਅਦ ਵਿਗਿਆਨਕ ਤਰੀਕੇ ਨਾਲ ਡਰੇਨੇਜ ਪ੍ਰੋਜੈਕਟ ਸ਼ੁਰੂ ਕਰਕੇ ਪਾਣੀ ਦੀ ਢੁੱਕਵੀਂ ਢਲਾਣ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਕਰੀਬ 25 ਲੱਖ ਰੁਪਏ ਦੀ ਵੱਖਰੀ ਰਕਮ ਵੀ ਖਰਚ ਕੀਤੀ ਜਾ ਰਹੀ ਹੈ, ਤਾਂ ਜੋ ਨਿਕਾਸੀ ਪ੍ਰਣਾਲੀ ਨੂੰ ਲੰਬੇ ਸਮੇਂ ਲਈ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਲਾਕੇ ਵਿਚ ਸੀਵਰੇਜ ਪ੍ਰਬੰਧਨ ਨੂੰ ਤਰਤੀਬਵਾਰ ਬਣਾਉਣ ਲਈ ਇੱਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਦਾ ਮਤਾ ਵੀ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦ ਹੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਪ੍ਰੋਜੈਕਟ ਨਾਲ ਨੀਵੀਂ ਪੱਧਰ ਵਾਲੇ ਘਰਾਂ ਵਿਚ ਪਾਣੀ ਖੜਾ ਹੋਣ ਦੀ ਸਮੱਸਿਆ ਦਾ ਪੱਕਾ ਹੱਲ੍ਹ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਵਿਕਾਸ ਕਾਰਜ ਸਥਾਨਕ ਵਾਸੀਆਂ ਦੀ ਸਲਾਹ ਅਤੇ ਮਸ਼ਵਰੇ ਨਾਲ ਅੱਗੇ ਵਧਾਏ ਜਾ ਰਹੇ ਹਨ, ਤਾਂ ਜੋ ਗੁਰੂ ਨਗਰ ਨੂੰ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਇੱਕ ਮਾਡਲ ਇਲਾਕਾ ਬਣਾਇਆ ਜਾ ਸਕੇ। ਇਸ ਮੌਕੇ ਈਓ ਅਸ਼ੋਕ ਕੁਮਾਰ, ਐੱਸਡੀਓ ਹਰਪ੍ਰੀਤ ਸਿੰਘ ਭਿਓਰਾ, ਬਲਾਕ ਸੰਮਤੀ ਮੈਂਬਰ ਲਲਿਤ ਕੁਮਾਰ ਡਕਾਲਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਕੁਲਦੀਪ ਸਿੰਘ, ਸੁੱਚਾ ਸਿੰਘ, ਐਡਵੋਕੇਟ ਗੌਰਵ ਕਪੂਰ, ਕੁਲਦੀਪ ਕਾਲੀਆ, ਸਰਪੰਚ ਵਿਕਰਾਂਤ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।