ਸਤਲੁੱਜ ਦੇ ਕੰਢਿਆਂ ਦੀ ਸੁੰਦਰਤਾ ਨੂੰ ਗੰਦਗੀ ਕਾਰਨ ਲੱਗ ਰਿਹਾ ਗ੍ਰਹਿਣ
ਸਤਲੁੱਜ ਦੇ ਕੰਢਿਆਂ ਦੀ ਸੁੰਦਰਤਾ ਨੂੰ ਗੰਦਗੀ ਕਾਰਨ ਲੱਗ ਰਿਹਾ ਗ੍ਰਹਿਣ
Publish Date: Tue, 24 Feb 2026 05:54 PM (IST)
Updated Date: Tue, 24 Feb 2026 05:55 PM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ: ਸਰਕਾਰਾਂ ਵੱਲੋਂ ਸਵੱਛ ਭਾਰਤ ਅਤੇ ਅਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਦੂਸ਼ਣ ਰਹਿਤ ਦੇਸ਼ ਬਣਾਉਣ ਲਈ ਨਾਅਰੇ ਲਗਾਏ ਜਾਂਦੇ ਹਨ। ਸਵੱਛ ਭਾਰਤ ਬਣਾਉਣ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੀਤੇ ਜਾਂਦੇ ਹਨ ਅਤੇ ਕੈਂਪਾਂ ਸਮੇਤ ਸਮੇਂ ਸਮੇਂ ’ਤੇ ਸਫਾਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦੌਰਾਨ ਲੋਕਾਂ ਨੂੰ ਆਪਣੇ ਆਸਪਾਸ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਪ੍ਰੰਤੂ ਇਸ ਸਭ ਦੇ ਬਾਵਜੂਦ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ। ਇਸ ਦੀ ਮਿਸਾਲ ਦਰਿਆ ਬੇਲਾ ਇਲਾਕੇ ਵਿਚ ਸਤਲੁੱਜ ਦਰਿਆ ਦੇ ਕੰਢਿਆਂ ’ਤੇ ਬਿਖਰੀ ਹੋਈ ਗੰਦਗੀ ਤੋਂ ਮਿਲਦੀ ਹੈ।ਇਹ ਗੰਦਗੀ ਦਰਿਆ ਦੇ ਕੰਢਿਆਂ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਗਾ ਰਹੀ ਹੈ। ਦਰਿਆ ਸਤਲੁੱਜ ਦੇ ਕੰਢਿਆਂ ’ਤੇ ਘੁੰਮਣ ਆਉਣ ਵਾਲੇ ਯਾਤਰੀ, ਵਿਆਹ ਦੀ ਫੋਟੋ ਸ਼ੂਟ ਆਦਿ ਕਰਨ ਵਾਲੇ ਇੱਥੇ ਖਾਣ-ਪੀਣ ਤੋਂ ਬਾਅਦ ਬਚਿਆ ਹੋਇਆ ਸਮਾਨ ਦਰਿਆ ਦੇ ਕੰਢਿਆਂ ’ਤੇ ਖਿੰਡਾ ਕੇ ਚਲੇ ਜਾਂਦੇ ਹਨ। ਇਨਾਂ ਵਿਚਾਰਾ ਦਾ ਪ੍ਰਗਟਾਵਾਂ ਭਾਈ ਨਰਿੰਦਰ ਸਿੰਘ ਮਿੰਟਾ ਬਜੀਦਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਦਰਿਆ ਕੰਢੇ ਅਕਸਰ ਆਸਪਾਸ ਤੇ ਬਾਹਰ ਤੋਂ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਉਹ ਦਰਿਆ ਦੇ ਆਸਪਾਸ ਅਤੇ ਕੰਢਿਆਂ ’ਤੇ ਕੂ਼ੜਾ ਕਰਕਟ ਫੈਲਾ ਕੇ ਚਲੇ ਜਾਂਦੇ ਹਨ। ਜਿਸ ਦੇ ਨਾਲ ਵਾਤਾਵਰਣ ਤੇ ਦਰਿਆ ਵਿਚ ਪ੍ਰਦੂਸ਼ਣ ਫੈਲਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਖੁਦ ਨੂੰ ਮਾਡਰਨ ਅਖਵਾਉਣ ਵਾਲੇ ਲੋਕ ਅਕਸਰ ਆਪਣੇ ਨਾਲ ਲਿਆਂਦੇ ਗਏ ਸਮਾਨ ਦੀ ਰਹਿੰਦ ਖੂੰਦ, ਪਾਣੀ ਦੀਆਂ ਖਾਲੀ ਬੋਤਲਾਂ, ਪਲਾਸਟਿਕ ਦੇ ਲਿਫਾਫੇ ਆਦਿ ਸੁੱਟ ਕੇ ਚਲੇ ਜਾਂਦੇ ਹਨ ਜੋ ਕਿ ਬਾਅਦ ਵਿਚ ਪੂਰੇ ਦਰਿਆ ਦੇ ਕੰਢਿਆਂ ਅਤੇ ਦਰਿਆ ਸਮੇਤ ਆਸਪਾਸ ਦੇ ਖੇਤਰ ਵਿਚ ਫੈਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਦਰਿਆ ਦੀ ਸੁੰਦਰਤਾ ਮਾਣ ਕੇ ਚਲੇ ਜਾਂਦੇ ਹਨ ਪ੍ਰੰਤੂ ਸਫਾਈ ਵੱਲ ਕੋਈ ਧਿਆਨ ਨਹੀਂ ਦਿੰਦੇ। ਉਨਾਂ ਕਿਹਾ ਕਿ ਇਹੋ ਜਿਹੀਆਂ ਥਾਵਾਂ ’ਤੇ ਸਫਾਈ ਰੱਖਣਾ ਸਾਰਿਆਂ ਦਾ ਫਰਜ਼ ਹੈ ਅਤੇ ਇਸ ਜਗ੍ਹਾ ’ਤੇ ਗੰਦਗੀ ਫੈਲਾਉਣ ਦੀ ਬਜਾਏ ਇਸ ਦੀ ਸੁੰਦਰਤਾ ਲਈ ਅੱਗੇ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਲੋਕਾਂ ਨੂੰ ਗੰਦਗੀ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੀਆਂ ਥਾਵਾਂ ’ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਵੱਖ ਵੱਖ ਸਮਾਗਮ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ 11 ਮਾਰਚ ਨੂੰ ਕੁਸ਼ਤੀ ਦੰਗਲ ਅਤੇ 15 ਮਾਰਚ ਨੂੰ 28ਵਾਂ ਮਹਾਨ ਗੁਰਮਿਤ ਸਮਾਗਮ ਇਲਾਕੇ ਦੀ ਸਮੂਹ ਸੰਗਤ ਵੱਲੋ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇੱਥੇ ਆਉਣ ਵਾਲੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਅਤੇ ਆਸਪਾਸ ਗੰਦਗੀ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸਤਲੁੱਜ ਦਰਿਆ ਦੇ ਕੰਢਿਆਂ ਤੇ ਆਸਪਾਸ ਖੇਤਰ ਦੀ ਸੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ।