70 ਲੱਖ ਦੀ ਠੱਗੀ ਮਾਰਨ ਵਾਲੇ ਪ੍ਰਾਪਰਟੀ ਡੀਲਰਾਂ ਖਿਲਾਫ ਮੁਕੱਦਮਾ ਦਰਜ
ਪੁਲਿਸ ਵੱਲੋਂ ਜਮੀਨ ਦਵਾਉਣ ਦੇ ਨਾਂ ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਕਥਿਤ ਪ੍ਰਾਪਰਟੀ ਡੀਲਰਾਂ ਖਿਲਾਫ ਮੁਕੱਦਮਾ ਦਰਜ
Publish Date: Mon, 23 Feb 2026 06:23 PM (IST)
Updated Date: Mon, 23 Feb 2026 06:25 PM (IST)

ਪੰਜਾਬੀ ਜਾਗਰਣ ਟੀਮ, ਬੇਲਾ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਇੱਕ ਐਨਆਰਆਈ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਸਬੰਧਿਤ ਐਨਆਰਆਈ ਤੇ ਉਸ ਦੇ ਭਰਾ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਪਿੰਡ ਵਿਚ ਜਮੀਨ ਦਿਵਾਉਣ ਦੇ ਨਾਂ ਤੇ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਸ੍ਰੀ ਚਮਕੌਰ ਸਾਹਿਬ ਦੇ 2 ਪ੍ਰਾਪਰਟੀ ਡੀਲਰਾਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਕਨੇਡਾ ਵਾਸੀ ਰਮਨਜੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਪਿੰਡ ਸਿੰਘਪੁਰਾ, ਤਹਿਸੀਲ ਖਰੜ ,ਜਿਲਾ ਮੋਹਾਲੀ ਵੱਲੋ ਏਡੀਜੀਪੀ ਐਨਆਰਆਈ ਵਿੰਗ ਮੋਹਾਲੀ ਨੂੰ ਕੀਤੀ 25 ਅਗਸਤ 2025 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨਾ ਦੀ ਜੱਦੀ ਜਮੀਨ ਪਿੰਡ ਸਿੰਘਪੁਰਾ ਵਿਚ ਸੀ, ਜੋ ਉਸ ਦੇ ਪਿਤਾ ਨੇ ਉਸ ਸਮੇਤ, ਉਸ ਦੀ ਭੈਣ ਤੇ ਭਰਾ ਨਾਲ ਸਹਿਮਤੀ ਕਰਕੇ ਵੇਚ ਦਿੱਤੀ ਸੀ।ਜਿਸ ਤੋ ਬਾਅਦ ਉਸਦੇ ਭਰਾ ਗੁਰਜਿੰਦਰ ਸਿੰਘ ਨੇ ਨਵਾਂਸ਼ਹਿਰ ਜਿਲੇ ਦੇ ਪਿੰਡ ਹੇਡੋਂ ਵਿਚ ਅਨੀਤਾ ਰਾਣੀ ਪਤਨੀ ਰਾਮ ਕ੍ਰਿਸ਼ਨ ਰੂਬਲ ਰਾਣੀ ਪਤਨੀ ਸੁਭਾਸ਼ ਬਾਸੀ ਡਿਫੈਂਸ ਕਲੋਨੀ ਰਾਜਪੁਰਾ ਅਤੇ ਪਰਵੀਨ ਪਤਨੀ ਰਾਮਪਾਲ ਬਾਸੀ ਪਿੰਡ ਬੇਗੋਵਾਲ ਤਹਿਸੀਲ ਬਲਾਚੌਰ ਜਿਹੜਾ ਨਵਾਂ ਸ਼ਹਿਰ ਵਿਚ ਸਥਿਤ 45 ਕਨਾਲ ਛੇ ਮਰਲੇ ਜਮੀਨ ਦਾ ਸੌਦਾ ਸਾਡੇ ਇੱਕ ਰਿਸ਼ਤੇਦਾਰ ਮੱਖਣ ਸਿੰਘ ਵਾਸੀ ਵਜੀਦਪੁਰ ਵੱਲੋਂ ਪ੍ਰੋਪਰਟੀ ਡੀਲਰ ਰੋਹਿਤ ਆਦਿ ਨਾਲ 39 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਵਾਇਆ ਗਿਆ ਸੀ ਜਿਸ ਸਬੰਧੀ 70 ਲੱਖ ਰੁਪਏ ਬਿਆਨਾਂ ਦੇ ਕੇ 21 ਜੁਲਾਈ 2025 ਨੂੰ ਰਜਿਸਟਰੀ ਕਰਵਾਉਣ ਸਬੰਧੀ 28 ਅਪ੍ਰੈਲ 2025 ਨੂੰ ਲਿਖਤੀ ਇਕਰਾਰਨਾਮਾ ਕੀਤਾ ਗਿਆ ਸੀ। ਰਮਨਜੀਤ ਕੌਰ ਅਨੁਸਾਰ ਇਸ ਜਮੀਨ ਦਾ ਬਿਆਨਾ ਰੋਹਿਤ ਆਦਿ ਵੱਲੋਂ ਪਹਿਲਾਂ ਹੀ ਜਮੀਨ ਮਾਲਕਾਂ ਨਾਲ ਘਰ ਰੱਖਿਆ ਸੀ ਜਿਸ ਸਬੰਧੀ ਉਨ੍ਹਾਂ ਵੱਲੋਂ ਦੱਸ ਵੀ ਦਿੱਤਾ ਗਿਆ ਸੀ। ਰਮਨਜੀਤ ਕੌਰ ਨੇ ਦੱਸਿਆ ਕਿ ਰਜਿਸਟਰੀ ਕਰਾਉਣ ਵਾਲੇ ਦਿਨ 21 ਜੁਲਾਈ 2025 ਤੋ ਇਕ ਦਿਨ ਪਹਿਲਾਂ ਰੋਹਿਤ ਨੇ ਉਸ ਦੇ ਭਰਾ ਗੁਰਜਿੰਦਰ ਸਿੰਘ ਨੂੰ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਨਿਰਧਾਰਤ ਸਮੇਂ ਦੇ ਰਜਿਸਟਰੀ ਕਰਵਾਈ ਜਾ ਸਕੇ ਪਰੰਤੂ ਨਿਰਧਾਰਤ ਦਿਨ ਜਦੋਂ ਉਸ ਦਾ ਭਰਾ ਗੁਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਤਾਂ ਰੋਹਿਤ ਅਤੇ ਜਮੀਨ ਮਾਲਕਾਂ ਵੱਲੋਂ ਉਸ ਨੂੰ ਸੰਬੰਧਿਤ ਜਮੀਨ ਦੀ ਫਰਦ ਅਤੇ ਸੋਸਾਇਟੀ ਤੋਂ ਕਲੀਅਰੈਂਸ ਲੈਣ ਦਾ ਆਖ ਕੇ ਗੁਰਜਿੰਦਰ ਸਿੰਘ ਨੂੰ ਜਿਹੜੇ ਚਮਕੌਰ ਸਾਹਿਬ ਵਿਖੇ ਇੱਕ ਦੁਕਾਨ ਤੇ ਹੀ ਬਿਠਾ ਗਏ, ਜਿਸ ਉਪਰੰਤ ਰੋਹਿਤ ਨੇ ਉਸ ਦੇ ਭਰਾ ਨੂੰ ਫੋਨ ਕਰਕੇ ਰਜਿਸਟਰੀ ਲਈ ਸਮਾਂ ਵਧਾਉਣ ਅਤੇ ਹੋਰ ਕੈਸ਼ ਦੀ ਮੰਗ ਕੀਤੀ ਗਈ, ਪ੍ਰੰਤੂ ਗੁਰਜਿੰਦਰ ਸਿੰਘ ਵੱਲੋਂ ਪੈਸੇ ਦੇਣ ਦੀ ਹਾਂ ਕਰਨ ਉਪਰੰਤ ਰੋਹਿਤ ਆਦਿ ਨੇ ਖੂਨ ਬੰਦ ਕਰ ਰਹੇ ਆ ਤੇ ਉਹ ਪੈਸੇ ਲੈਣ ਵੀ ਨਹੀਂ ਆਏ,ਜਦਕਿ ਉਸ ਨੇ ਖੇਵਟਦਾਰਾਂ ਸਮੇਤ ਤਹਿਸੀਲ ਵਿਚ ਹਾਜਰੀ ਲਗਵਾਈ ਦਿੱਤੀ ਅਤੇ ਪਤਾ ਲੱਗਣ ਤੇ ਉਨਾ ਵੱਲੋ ਵੀ ਨੋਟਰੀ ਬਲਾਚੌਰ ਕੋਲ ਆਪਣੀ ਹਾਜ਼ਰੀ ਲਗਵਾਈ ਗਈ। ਰਮਨਜੀਤ ਕੌਰ ਅਨੁਸਾਰ ਉਕਤ ਜਮੀਨ ਦਾ ਇਕਰਾਰਨਾਮਾ ਰੋਹਿਤ ਆਦਿ ਵੱਲੋ ਜਿੱਥੇ ਉਨਾਂ ਨਾਲ ਕੀਤਾ ਗਿਆ ਸੀ, ਉੱਥੇ ਹੀ ਖੇਵਟਦਾਰਾਂ ਨਾਲ ਮਿਲਕੇ ਇਸ ਜਮੀਨ ਦੀ 1 ਅਗਸਤ 2025 ਨੂੰ ਚੇਤੰਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਸੁਲਤਾਨਪੁਰ ਜ਼ਿਲ੍ਹਾ ਰੂਪਨਗਰ ਤੇ ਹੋਰਾਂ ਦੇ ਹੱਕ ਵਿਚ ਰਜਿਸਟਰੀ ਕਰਵਾ ਦਿੱਤੀ । ਉਸ ਨੇ ਦੋਸ਼ ਲਗਾਇਆ ਕਿ ਰੋਹਿਤ ਅਤੇ ਖੇਵਟਦਾਰਾਂ ਨੇ ਆਪਸ ਵਿਚ ਮਿਲੀਭੁਗਤ ਕਰਕੇ ਉਨਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੇ ਨਾਮ ਰਜਿਸਟਰੀ ਨਾ ਕਰਵਾ ਕੇ ਇਹ ਜਮੀਨ ਅੱਗੇ ਚੇਤੰਨ ਸਿੰਘ ਆਦਿ ਨੂੰ. ਵੇਚ ਕੇ ਉਨ੍ਹਾਂ ਨਾਲ 70 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਇਸ ਲਈ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਡੀਸ਼ਨਲ ਐਸਐਚਓ ਸਦੇਸ਼ ਕੁਮਾਰ ਨੇ ਦੱਸਿਆ ਕਿ ਰਮਨਜੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਐਸਪੀ ਪ੍ਰਵਾਸੀ ਭਾਰਤੀ ਵਿੰਗ ਮੋਹਾਲੀ ਵੱਲੋਂ ਕੀਤੀ ਗਈ ਜਿਨ੍ਹਾਂ ਆਪਣੀ ਪੜਤਾਲ ਦੌਰਾਨ ਪਾਇਆ ਕਿ ਰੋਹਿਤ ਅਤੇ ਕਰਨੈਲ ਸਿੰਘ ਆਦਿ ਵੱਲੋਂ 28 ਅਪ੍ਰੈਲ 2025 ਨੂੰ ਕੀਤੇ ਇਕਰਾਰਨਾਮੇ ਵਿਚ ਇਹ ਮੰਨਿਆ ਕਿ ਕਿ ਉਹ 21 ਜੁਲਾਈ 2025 ਨੂੰ ਖੁਦ ਹਾਜ਼ਰ ਹੋ ਕੇ ਜਾਂ ਜਮੀਨ ਦੇ ਮਾਲਕਾਂ ਕੋਲੋਂ ਮੁਖਤਿਆਰਨਾਮਾ ਆਮ ਹਾਸਿਲ ਕਰਕੇ ਇਹ ਰਜਿਸਟਰੀ ਕਰਵਾਉਣਗੇ ਪ੍ਰੰਤੂ ਰਜਿਸਟਰੀ ਵਾਲੇ ਦਿਨ 21 ਜੁਲਾਈ 2025 ਨੂੰ ਰੋਹਿਤ ਤੇ ਕਰਨੈਲ ਸਿੰਘ ਨਾ ਜਮੀਨ ਦੀ ਮਾਲਕੀ ਸਬੰਧੀ ਕੋਈ ਸਬੂਤ ਅਤੇ ਨਾ ਹੀ ਜਮੀਨ ਦੇ ਮਾਲਕਾਂ ਕੋਲੋਂ ਹਾਸਿਲ ਕੀਤਾ ਕੋਈ ਮੁਖਤਿਆਰਨਾਮਾ ਹਾਸਿਲ ਕਰਨ ਦਾ ਕੋਈ ਸਬੂਤ ਪੇਸ਼ ਕਰ ਸਕੇ । ਜਿਸ ਕਾਰਨ ਉਹ ਇਸ ਜਮੀਨ ਦੀ ਰਜਿਸਟਰੀ ਕਰਵਾਉਣ ਦੇ ਸਮਰੱਥ ਹੀ ਨਹੀਂ ਸਨ ਪ੍ਰੰਤੂ ਕਾਨੂੰਨ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਉਨ੍ਹਾਂ ਤਹਿਸੀਲਦਾਰ ਕੋਲ ਆਪਣੀ ਹਾਜ਼ਰੀ ਤਸਦੀਕ ਕਰਵਾ ਲਈ। ਜਦਕਿ ਰੋਹਿਤ ਅਤੇ ਕਰਨੈਲ ਸਿੰਘ ਪ੍ਰਾਪਰਟੀ ਡੀਲਰ ਦਾ ਕੋਈ ਵੀ ਲਾਈਸੈਂਸ ਜਾਂ ਸਰਟੀਫਿਕੇਟ ਵੀ ਇਸ ਪੜਤਾਲ ਦੌਰਾਨ ਪੇਸ਼ ਨਹੀਂ ਕਰ ਸਕੇ। ਪੁਲਿਸ ਕਪਤਾਨ ਪ੍ਰਵਾਸੀ ਭਾਰਤੀ ਵਿੰਗ ਵੱਲੋਂ ਪੜਤਾਲ ਦੌਰਾਨ ਰਮਨਜੀਤ ਕੌਰ ਤੇ ਉਸਦੇ ਭਰਾ ਨਾਲ 70 ਲੱਖ ਰੁਪਏ ਦੀ ਠੱਗੀ ਮਾਮਲੇ ਦੇ ਦੋਸ਼ ਸਹੀ ਸਾਬਿਤ ਹੋਣ ਉਪਰੰਤ ਸ੍ਰੀ ਚਮਕੌਰ ਸਾਹਿਬ ਥਾਣੇ ਵਿਚ ਰੋਹਿਤ ਪੁੱਤਰ ਬ੍ਰਿਜ ਮੋਹਨ ਵਾਸੀ ਪਿੰਡ ਸ਼ੇਖੂਪੁਰਾ ਥਾਣਾ ਚਮਕੌਰ ਸਾਹਿਬ ਅਤੇ ਕਰਨੈਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਚਮਕੌਰ ਸਾਹਿਬ ਵਿਰੁੱਧ ਬੀਐਨਐਸ ਦੀ ਧਾਰਾ 316(2), 318 (4) , 61(2) ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।