ਡੀਸੀ ਨੇ ਫਲੱਡ ਸੀਜ਼ਨ 2026 ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ
ਡਿਪਟੀ ਕਮਿਸ਼ਨਰ ਨੇ ਫਲੱਡ ਸੀਜ਼ਨ 2026 ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
Publish Date: Thu, 19 Feb 2026 05:00 PM (IST)
Updated Date: Thu, 19 Feb 2026 05:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅਗਾਮੀ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹਾ ਰੂਪਨਗਰ ਨੂੰ ਹੜ੍ਹ ਵਰਗੀ ਸਥਿਤੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੁਣ ਤੋਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ ਨੂੰ ਹੜ੍ਹ ਤੋਂ ਬਚਾਉਣ ਲਈ ਅਤੇ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਫਲੱਡ ਸੀਜ਼ਨ 2026 ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਅਤੇ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਪੁੱਖਤਾ ਪ੍ਰਬੰਧ ਕੀਤੇ ਜਾਣ। ਇਸ ਮੀਟਿੰਗ ਦੌਰਾਨ ਡੀਸੀ ਡੇਚਲਵਾਲ ਨੇ ਜ਼ਿਲ੍ਹੇ ਦੇ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਆਪਣੇ ਆਪਣੇ ਬਲਾਕਾਂ ਵਿਚ ਪੈਂਦੇ ਬੰਨ੍ਹਾਂ, ਨਹਿਰਾਂ ਤੇ ਸੂਇਆਂ ਦਾ ਦੌਰਾ ਕਰਨ ਦੀ ਹਦਾਇਤ ਕਰਦਿਆਂ ਹੋਣ ਵਾਲੇ ਜ਼ਰੂਰੀ ਕੰਮ ਕਰਵਾਉਣ ਲਈ ਕਿਹਾ। ਉਨ੍ਹਾਂਜ਼ਿਲ੍ਹੇ ਦੇ ਕਾਰਜ ਸਾਧਕ ਅਫਸਰਾਂ ਨੂੰ ਸ਼ਹਿਰਾਂ ਦੇ ਪਾਣੀ ਦੀ ਨਿਕਾਸੀ ਅਤੇ ਨਾਲਿਆਂ ਦੀ ਸਾਫ਼-ਸਫਾਈ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਵਿਚ ਮੌਜ਼ੂਦ ਮਸ਼ੀਨਰੀ ਅਤੇ ਹੋਰ ਯੰਤਰਾਂ ਨੂੰ ਵੀ ਤਿਆਰ ਬਰ ਤਿਆਰ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਉਨ੍ਹਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਮਨਰੇਗਾ ਅਧੀਨ ਕੀਤੇ ਜਾਣ ਵਾਲੇ ਹੜ੍ਹ ਸੁਰੱਖਿਆ ਕਾਰਜ, ਡਰੇਨਾਂ, ਸੂਏ ਦੀ ਸਫ਼ਾਈ ਯਕੀਨੀ ਕਰਨਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਉਹ ਖੁਦ ਜਾ ਕੇ ਕਰਨ ਅਤੇ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਬੀਡੀਪੀਓਜ਼ ਨੂੰ ਪਿੰਡਾਂ ਵਿਚ ਮੌਜੂਦ ਟੋਭਿਆਂ ਦੀ ਸਫਾਈ ਕਰਵਾਉਣ ਦੇ ਵੀ ਹੁਕਮ ਦਿੱਤੇ। ਇਸ ਦੇ ਇਲਾਵਾ ਉਨ੍ਹਾਂ ਦਰਿਆਵਾਂ/ਨਹਿਰਾਂ ਤੇ ਡਰੇਨਾਂ ਨੇੜੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਜਲਦ ਤੋਂ ਜਲਦ ਹਟਾਉਣ ਦੇ ਹੁਕਮ ਵੀ ਦਿੱਤੇ। ਉਨ੍ਹਾਂ ਨਹਿਰੀ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕਰਦਿਆਂ ਨਹਿਰਾਂ ਅਤੇ ਡਰੇਨਾਂ ਵਿਚ ਪ੍ਰਦੂਸ਼ਣ ਨੂੰ ਘਟਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦਾ ਭੂਗੋਲਿਕ ਅਤੇ ਵਿਗਿਆਨਕ ਢੰਗ ਨਾਲ਼ ਸਰਵੇਖਣ ਕੀਤੇ ਜਾਣ ਅਤੇ ਸਾਰੇ ਪੁੱਲ਼ਾਂ ਅਤੇ ਸੜਕਾਂ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਰਾਹਤ ਅਤੇ ਮੁੜ ਵਸੇਬਾ ਦੀਆਂ ਟੀਮਾਂ ਨੂੰ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਨਾਜੁਕ ਖੇਤਰਾਂ ਵਿਚ ਪਹਿਲ ਦੇ ਆਧਾਰ ’ਤੇ ਹੜ੍ਹ ਰੱਖਿਆ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਜੇਕਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਹੋਣ ਵਾਲੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸ ਮੀਟਿੰਗ ਵਿਚ ਏਡੀਸੀ(ਜ) ਅਵਿਕੇਸ਼ ਗੁਪਤਾ, ਏਡੀਸੀ(ਵ) ਚੰਦਰਜਯੋਤੀ ਸਿੰਘ, ਸੀਐੱਮਐੱਫਓ ਅਭਿਮੰਨਿਊ ਮਲਿਕ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਆਰਟੀਓ ਅਰਸ਼ਦੀਪ ਸਿੰਘ ਲੁਬਾਣਾ, ਐੱਸਡੀਐੱਮ ਰੂਪਨਗਰ ਬਲਜਿੰਦਰ ਸਿੰਘ ਢਿੱਲੋਂ, ਐੱਸਡੀਐੱਮ ਮੋਰਿੰਡਾ ਗੁਰਦੇਵ ਸਿੰਘ ਧੰਮ, ਐੱਸਡੀਐੱਮ ਨੰਗਲ ਸਚਿਨ ਪਾਠਕ, ਐੱਸਡੀਐੱਮ ਸ਼੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ, ਐਕਸੀਅਨ ਮਾਈਨਿੰਗ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਗੁਰਤੇਜ ਸਿੰਘ ਗਰਚਾ ਸਮੇਤ ਜ਼ਿਲ੍ਹੇ ਦੇ ਸਮੂਹ ਬੀਡੀਪੀਓਜ਼, ਤਹਿਸੀਲਦਾਰ, ਕਾਰਜ ਸਾਧਕ ਅਫਸਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।