ਕਿਸਾਨਾਂ ’ਤੇ ਪੁਲੀਸ ਤਸ਼ੱਦਦ ਦੀ ਸਖਤ ਨਿਖੇਧੀ
ਕਿਸਾਨਾਂ ’ਤੇ ਪੁਲੀਸ ਤਸ਼ੱਦਦ ਅਤੇ ਅੱਥਰੂ ਗੈਸ ਗੋਲੇ ਸੁਟਣ ਦੀ ਸਖਤ ਨਿਖੇਧੀ
Publish Date: Wed, 18 Feb 2026 06:37 PM (IST)
Updated Date: Wed, 18 Feb 2026 06:39 PM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਤੇ ਸੰਸਥਾਪਕ ਸਤਿਨਾਮ ਸਿੰਘ ਪੰਨੂੰ ਤੇ ਜ਼ਿਲ੍ਹਾ ਆਗੂ ਸਵਰਨ ਸਿੰਘ ਢੰਗਰਾਲੀ ਨੇ ਸਾਂਝੇ ਲਿਖਤੀ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ-ਸੰਗਰੂਰ ਵਿਖੇ ਧਰਨਾ ਦੇਣ ਜਾ ਰਹੇ ਕਿਸਾਨਾਂ ’ਤੇ ਕੀਤੇ ਪੁਲਿਸ ਜ਼ਬਰ ਜ਼ੁਲਮ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਿਉਂਦ ਪਿੰਡ ਵਿਚ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਧੱਕੇਸ਼ਾਹੀ ਕਰਦੇ ਹੋਏ ਲਾਠੀਚਾਰਜ ਵੀ ਕੀਤਾ ਗਿਆ, ਜੋ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕੇਂਦਰ ਦੇ ਹੱਥਾਂ ਦਾ ਖਿਡੌਣਾ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਧਾਰਾ-307 ਅਧੀਨ ਨਜਾਇਜ਼ ਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ ਧਰਨਾ ਲਗਾਉਣ ਨਾ ਦੇਣਾ ਸੰਵਿਧਾਨਕ ਹੱਕਾਂ ਨੂੰ ਖੋਹਣਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਸਰਕਾਰੀ ਜ਼ਬਰ-ਜ਼ੁਲਮ ਵਿਰੁੱਧ ਸਾਰੀਆਂ ਕਿਸਾਨ ਜਥੇਬੰਦੀਆਂ ਇਕ ਥਾਂ ਖੜੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਿਰਦੋਸ਼ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਨੀ ਬੰਦ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕਿਸਾਨ ਸੰਘਰਸ਼ ਵਿਰੁੱਧ ਪੁਲਿਸ ਤਸ਼ੱਦਦ ਕਰਕੇ ਕਾਰਪੋਰੇਟ ਨੀਤੀਆਂ ਨੂੰ ਲਾਗੂ ਕਰਨ ਲਈ ਕੇਂਦਰ ਦਾ ਹੱਥ ਦੀ ਕਠਪੁੱਤਲੀ ਬਣ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਰਾ-ਧਮਕਾ ਰਹੀ ਹੈ ਤਾਂ ਜੋ ਕਿਸਾਨ ਭਾਰਤ-ਅਮਰੀਕਾ ਵਪਾਰ ਸਮਝੌਤਾ, ਬਿਜਲੀ-ਬੀਜ ਸੋਧ ਬਿਲ 2025 ਤੇ ਜੀ ਰਾਮ ਜੀ ਬਿਲ ਦਾ ਵਿਰੋਧ ਨਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਨ੍ਹਾਂ ਮਨਸੂਬਿਆਂ ਵਿਰੁੱਧ ਵਿਸ਼ਾਲ ਤੇ ਤੇਜ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਨੂੰ ਰਿਹਾਅ ਕਰੇ ਅਤੇ ਪੁਲਿਸ ਜ਼ਬਰ ਜ਼ੁਲਮ ਬੰਦ ਕਰੇ।