ਅਵਾਰਾ ਕੁੱਤਿਆਂ ਤੋਂ ਬਣਿਆ ਜਾਨ ਦਾ ਖੌਫ ਡੀਸੀ ਨੂੰ ਕੀਤੀ ਫਰਿਆਦ
ਅਵਾਰਾ ਕੁੱਤਿਆਂ ਤੋਂ ਬਣਿਆ ਜਾਨ ਦਾ ਖੌਫ ਡਿਪਟੀ ਕਮਿਸ਼ਨ ਨੂੰ ਕੀਤੀ ਫਰਿਆਦ
Publish Date: Wed, 18 Feb 2026 04:53 PM (IST)
Updated Date: Wed, 18 Feb 2026 04:54 PM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਕਸਬਾ ਸ਼੍ਰੀ ਚਮਕੌਰ ਸਾਹਿਬ ਦੇ ਵਾਰਡ ਨੰਬਰ:9 ਦੇ ਵਾਸੀਆਂ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਆਪਣੇ ਦੁਖੜੇ ਦੱਸੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਲਾਗਰ ਸਿੰਘ ਅਤੇ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਵਾਰਡ ਵਿਚ ਸਰਕਾਰੀ ਦਫਤਰ ਵਿਖੇ ਲੋਕ ਆਪਣੇ ਕੰਮਾਂ ਲਈ ਰੋਜ਼ਾਨਾ ਇਨ੍ਹਾਂ ਦਫਤਰਾਂ ਵਿਚ ਆਉਂਦੇ-ਜਾਂਦੇ ਹਨ, ਜਦਕਿ ਸ਼ਹਿਰ ਵਾਸੀ ਬੱਸ ਸਟੈਂਡ ਤੋਂ ਇਸ ਵਾਰਡ ਦੇ ਮੇਨ ਰਸਤੇ ਰਾਹੀਂ ਬਾਜ਼ਾਰ ਵਿਚ ਪਹੁੰਚਦੇ ਹਨ। ਇਸੇ ਤਰ੍ਹਾਂ ਵਾਰਡ ਵਿਚ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਬੱਚੇ ਸਵੇਰੇ ਦੁਪਹਿਰ ਆਉਂਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਵਾਰਾ ਕੁੱਤਿਆਂ ਦੇ ਝੁੰਡ ਲੋਕਾਂ ਦੇ ਮਗਰ ਪੈਂਦੇ ਹਨ, ਜਿਸ ਦੇ ਕਾਰਨ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਸਮੇਤ ਸਕੂਲੀ ਬੱਚਿਆਂ ਵਿਚ ਇਨ੍ਹਾਂ ਅਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਇਲਾਵਾ ਇਸ ਵਾਰਡ ਦੇ ਬਜ਼ੁਰਗ, ਔਰਤਾਂ ਜਦੋਂ ਸੈਰ ਕਰਨ ਲਈ ਜਾਂ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਨ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਰਸਤੇ ਵਿਚ ਬੈਠੇ ਰਹਿੰਦੇ ਹਨ ਜੋ ਕਿ ਇਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਬਣਦੇ ਹਨ। ਇਨ੍ਹਾਂ ਕੁੱਤਿਆਂ ਦੇ ਹਮਲੇ ਦੇ ਖੌਫ ਕਾਰਨ ਕਈ ਲੋਕ ਵਾਰਡ ਵਿਚੋਂ ਲੰਘਣ ਤੋਂ ਵੀ ਕਤਰਾਉਂਦੇ ਹਨ। ਇਨ੍ਹਾਂ ਅਵਾਰਾ ਕੁੱਤਿਆਂ ਦੇ ਡਰ ਦੇ ਕਾਰਨ ਪੂਰੇ ਕਸਬੇ ਦੇ ਲੋਕ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਹੱਲਾ ਤੇ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਜਦੋਂ ਉਹ ਐੱਸਡੀਐੱਮ ਸ਼੍ਰੀ ਚਮਕੌਰ ਸਾਹਿਬ ਦੇ ਦਫਤਰ ਪਹੁੰਚੇ ਤਾਂ ਡਿਪਟੀ ਕਮਿਸ਼ਨਰ ਰੂਪਨਗਰ ਵੀ ਲੋਕ ਮਿਲਣੀ ਦੌਰਾਨ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡਚਲਵਾਲ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸ਼ੇਸ਼ ਟੈਂਡਰ ਲਾ ਕੇ ਇਨ੍ਹਾਂ ਅਵਾਰਾ ਕੁੱਤਿਆਂ ਸਬੰਧੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਐੱਸਡੀਐੱਮ ਸਮੇਤ ਨਗਰ ਕੌਂਸਲ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਹਾਈਕੋਰਟ ਦੇ ਚੀਫ ਜਸਟਿਸ ਨੂੰ ਵੀ ਬੇਨਤੀ ਪੱਤਰ ਭੇਜੇ ਗਏ। ਇਸ ਦੌਰਾਨ ਕੌਂਸਲਰ ਕਿਰਪਾਲ ਸਿੰਘ ਗਿੱਲ ਤੇ ਸੁਖਬੀਰ ਸਿੰਘ ਨੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਸਥਾਈ ਹੱਲ੍ਹ ਕਰਨ ਦੀ ਮੰਗ ਕੀਤੀ।