ਥਰਮਲ ਕਾਮਿਆ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ
ਥਰਮਲ ਕਾਮਿਆ ਨੇ ਮੇਨ ਗੇਟ ‘ਤੇ ਕੀਤਾ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ
Publish Date: Tue, 17 Feb 2026 05:42 PM (IST)
Updated Date: Tue, 17 Feb 2026 05:45 PM (IST)

ਪੁਸ਼ਵਿੰਦਰ ਗੋਲੀਆ,ਪੰਜਾਬੀ ਜਾਗਰਣ,ਘਨੌਲੀ:ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਆਰਟੀਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ, ਸਾਝਾਂ ਮੰਚ ਕਟਰੈਕਟਰ ਵਰਕਰ ਯੂਨੀਅਨ ਅਤੇ ਆਰਟੀਪੀ ਇੰਪਲਾਈ ਯੂਨੀਅਨ ਵੱਲੋ ਮੇਨ ਗੇਟ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਪੰਜਾਬ ਦੇ ਸਾਂਝੇ ਸੱਦੇ ਤੇ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਆਗੂ ਰਾਜ ਕੁਮਾਰ ਤਿਵਾੜੀ ,ਸਿਮਰਨਜੀਤ ਨੀਲੋ ਅਤੇ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋ ਪਿਛਲੀਆ ਮੀਟਿੰਗਾ ਵਿਚ ਵਾਅਦਾ ਕੀਤਾ ਗਿਆ ਸੀ ਕਿ ਬਿਜਲੀ ਕਾਰਪੌਰੇਸ਼ਨ ਦੀ ਕੋਈ ਵੀ ਜਾਇਦਾਦ ਨਹੀਂ ਵੇਚੀ ਜਾਵੇਗੀ ਪਰ ਹੁਣ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋ ਵਾਅਦਾ ਖਿਲਾਫ਼ੀ ਕਰਦੇ ਹੋਏ ਬਡੂੰਗਰ ਜ਼ਿਲਾ ਪਟਿਆਲਾ ਵਿਚਲੀ ਕਾਰਪੌਰੇਸ਼ਨ ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ। ਜਿਸ ਦੇ ਵਿਰੁੱਧ ਥਰਮਲ ਕਾਮਿਆ ਵਿਚ ਬਹੁਤ ਭਾਰੀ ਰੋਸ ਹੈ। ਉਨ੍ਹਾਂ ਕਿਹਾਕਿ ਥਰਮਲ ਕਾਮੇ ਮੰਗ ਕਰ ਰਹੇ ਹਨ ਕਿ ਕੰਟਰੈਕਟਰ ਵਰਕਰਾ ਨੂੰ ਸਿੱਧਾ ਪਾਵਰਕਾਮ ਦੇ ਪੇਅ ਰੋਲ ਤੇ ਲਿਆ ਜਾਵੇ, ਘੱਟੋ ਘੱਟ ਉਜ਼ਰਤ 26000/- ਪ੍ਰਤੀ ਮਹੀਨਾ ਕੀਤੀ ਜਾਵੇ,ਬਿਜਲੀ ਐਕਟ 2025 ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾਕਿ ਜਦੋਂ ਤੱਕ ਕੰਟਰੈਕਟਰ ਵਰਕਰਾ ਨੂੰ ਪਾਵਰਕਾਮ ਵਿਚ ਭਰਤੀ ਨਹੀਂ ਕਰਦੇ ਉਦੋਂ ਤੱਕ ਠੇਕੇਦਾਰਾ ਨੂੰ ਬਾਹਰ ਕਰਕੇ ਕੰਟਰੈਕਟ ਵਰਕਰਾਂ ਨੂੰ ਸਿੱਧਾ ਕੰਟਰੈਕਟ ਤੇ ਲਿਆ ਜਾਵੇ। ਮਜ਼ਦੂਰ ਮਾਰੂ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਆਦਿ ਮੰਗਾਂ ਕੀਤੀਆ ਜਾ ਰਹੀਆ ਹਨ। ਇਸ ਮੌਕੇ ਬੀਰਪਾਲ ਸਿੰਘ, ਸੂਬਾ ਸਕੱਤਰ ਸਾਥੀ ਦਵਿੰਦਰ ਸਿੰਘ, ਜਸਕਰਨ ਸਿੰਘ ਦਦਰਾਹੋ, ਦਵਿੰਦਰ ਪਾਂਡੇ,ਬਲਵਿੰਦਰ ਸਿੰਘ, ਪਰਗਟ ਸਿੰਘ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਤਿੱਖੇ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ ਅਤੇ ਸਮੂਹ ਕੰਟਰੈਕਟ ਵਰਕਰਾ ਅਤੇ ਮੁਲਾਜ਼ਮਾਂ ਨੂੰ ਇੱਕ ਮੁੱਠ ਹੋਣ ਦਾ ਸੱਦਾ ਦਿੱਤਾ।