ਨਗਰ ਕੌਂਸਲ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਤੇ ਮਾਈਨਿੰਗ, ਸਵਾਲਾਂ ਦੇ ਘੇਰੇ ’ਚ ਅਧਿਕਾਰੀਆਂ ਦੀ ਕਾਰਗੁਜ਼ਾਰੀ
ਨਗਰ ਕੌਂਸਲ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਤੇ ਮਾਈਨਿੰਗ, ਸਵਾਲਾਂ ਦੇ ਘੇਰੇ ’ਚ ਅਧ
Publish Date: Mon, 16 Feb 2026 06:30 PM (IST)
Updated Date: Mon, 16 Feb 2026 06:33 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ,ਮੋਰਿੰਡਾ: ਕਿਸੇ ਨਾ ਕਿਸੇ ਤਰ੍ਹਾਂ ਦੀਆਂ ਬੇਨਿਯਮੀਆਂ ਸਬੰਧੀ ਚਰਚਾ ਵਿਚ ਰਹਿੰਦੀ ਨਗਰ ਕੌਂਸਲ ਮੋਰਿੰਡਾ ਹੁਣ ਨਗਰ ਕੌਂਸਲ ਦੀ ਇੱਕ ਜ਼ਮੀਨ ਵਿਚ ਨਜਾਇਜ਼ ਮਾਈਨਿੰਗ ਅਤੇ ਨਗਰ ਕੌਂਸਲ ਦੀਆਂ ਥਾਵਾਂ ’ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਚਰਚਾ ਵਿਚ ਆਈ ਹੈ। ਚਰਚਾ ਦਾ ਵਿਸ਼ਾ ਸਥਾਨਕ ਨਿਊ ਮੋਰਿੰਡਾ ਰੇਲਵੇ ਰੋਡ ’ਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕਈ ਕਈ ਫੁੱਟ ਮਾਈਨਿੰਗ ਦਾ ਹੈ। ਇਸ ਸਬੰਧੀ ਨਗਰ ਕੌਂਸਲ ਅਧਿਕਾਰੀਆਂ ’ਤੇ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਨਗਰ ਕੌਂਸਲ ਵੱਲੋਂ ਸ਼ਹਿਰ ਦਾ ਕੂੜਾ ਸੁੱਟਣ ਲਈ ਡੰਪ ਬਣਾਉਣ ਲਈ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਤੋਂ ਜ਼ਮੀਨ ਲੀਜ਼ ’ਤੇ ਲੈਣ ਨਾਲ ਭਾਵੇਂ ਹਰ ਸਾਲ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਨਗਰ ਕੌਂਸਲ ਅਧਿਕਾਰੀ ਸ਼ਹਿਰ ਵਿਚ ਮੌਜੂਦ ਛੱਪੜਾਂ ਵਾਲੀ ਜ਼ਮੀਨ ’ਤੇ ਪ੍ਰਭਾਵਸ਼ਾਲੀ ਅਤੇ ਕਲੋਨਾਈਜ਼ਰ ਵੱਲੋਂ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੀਤੇ ਗਏ ਨਜਾਇਜ਼ ਕਬਜ਼ੇ ਛੁਡਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਸਗੋਂ ਨਿਊ ਰੇਲਵੇ ਸਟੇਸ਼ਨ ਰੋਡ ’ਤੇ ਸਥਿਤ ਨਗਰ ਕੌਂਸਲ ਅਤੇ ਕੁਝ ਕਾਸ਼ਤਕਾਰਾਂ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰ ਕੇ ਇਸ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਮਾਈਨਿੰਗ ਰਾਹੀਂ 3 ਤੋਂ 5 ਫੁਟ ਮਿੱਟੀ ਚੁੱਕ ਕੇ ਵੇਚਣ ਦੀਆਂ ਸ਼ਹਿਰ ਵਿਚ ਜੋਰ-ਸ਼ੋਰ ਨਾਲ ਚੱਲ ਰਹੀਆਂ ਚਰਚਾਵਾਂ ਉਪਰੰਤ ਵੀ ਅਧਿਕਾਰੀਆ ਦੀ ਨੀਂਦ ਨਹੀਂ ਖੁੱਲੀ। ਜਦਕਿ ਸ਼ਹਿਰ ਦੇ ਇਕ ਕੌਂਸਲਰ ਵੱਲੋਂ ਕਰੋੜਾਂ ਰੁਪਏ ਦੀ ਇਸ ਜ਼ਮੀਨ ਨੂੰ ਬਚਾਉਣ ਲਈ ਰੂਪਨਗਰ ਦੀ ਇਕ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਗਿਆ ਹੈ ਤਾਂ ਕਿ ਇਸ ਜ਼ਮੀਨ ਵਿਚ ਕੂੜਾ ਡੰਪ ਬਣਾ ਕੇ ਕੌਂਸਲ ਦਾ ਲੱਖਾਂ ਰੁਪਇਆ ਬਚਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਕੌਂਸਲਰ ਰਕੇਸ਼ ਕੁਮਾਰ ਬੱਗਾ, ਰਜੇਸ਼ ਕੁਮਾਰ ਸਿਸੋਦੀਆ ਤੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਪਿੰਕੀ ਕੌਰ ਅਤੇ ਠੇਕੇਦਾਰ ਬਲਵੀਰ ਸਿੰਘ ਲਾਲਾ ਨੇ ਦੱਸਿਆ ਕਿ ਸ਼ਹਿਰ ਵਿਚ ਬਰਸਾਤੀ ਪਾਣੀ ਤੇ ਗੰਦੇ ਪਾਣੀ ਦੀ ਸੰਭਾਲ ਲਈ ਲਗਭਗ 350 ਬੀਘੇ ਜ਼ਮੀਨ ਵਿਚ ਪੰਜ ਛੱਪੜ ਮੌਜੂਦ ਸਨ। ਇਨ੍ਹਾਂ ’ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਸਦਕਾ ਲਗਾਤਾਰ ਨਜਾਇਜ਼ ਕਬਜ਼ੇ ਕੀਤੇ ਗਏ ਜੋ ਅਜੇ ਵੀ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਛੱਪੜਾਂ ਦੀ ਇਸ ਜ਼ਮੀਨ ਵਿੱਚੋਂ ਬਹੁਤ ਸਾਰੀ ਜ਼ਮੀਨ ਸ਼ਹਿਰ ਦੇ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੀਆਂ ਹੇਠ ਹੈ। ਇਸ ਜ਼ਮੀਨ ਨੂੰ ਖਾਲੀ ਕਰਵਾਉਣ ਵਿਚ ਨਗਰ ਕੌਂਸਲ ਦੇ ਅਧਿਕਾਰੀ ਨਾਕਾਮ ਰਹੇ ਹਨ । ਇਸ ਦੌਰਾਨ ਵਾਰਡ ਨੰਬਰ-15 ਦੇ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਐਡਵੋਕੇਟ ਵਰਿੰਦਰ ਧੀਮਾਨ ਰਾਹੀਂ ਰੂਪਨਗਰ ਦੀ ਅਦਾਲਤ ਵਿਚ ਕੇਸ ਦਾਇਰ ਕਰ ਰੱਖਿਆ ਹੈ, ਤਾਂ ਜੋ ਨਿਊ ਰੇਲਵੇ ਸਟੇਸ਼ਨ ਰੋਡ ’ਤੇ ਸਥਿਤ ਕੌਂਸਲ ਦੀ ਕਰੋੜਾਂ ਰੁਪਏ ਦੀ 20- 25 ਬੀਘੇ ਜ਼ਮੀਨ ਨੂੰ ਬਚਾ ਕੇ ਇੱਥੇ ਪੱਕੇ ਤੌਰ ’ਤੇ ਸ਼ਹਿਰ ਦੇ ਕੂੜਾ ਕਰਕਟ ਲਈ ਡੰਪ ਬਣਾਇਆ ਜਾ ਸਕੇ ਅਤੇ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਕੇ ਕੌਂਸਲ ਵੱਲੋਂ ਕੂੜਾ ਡੰਪ ਲਈ ਹਰ ਸਾਲ ਖਰਚ ਕੀਤੇ ਜਾਂਦੇ ਲੱਖਾਂ ਰੁਪਏ ਬਚਾਏ ਜਾ ਸਕਣ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ, ਜਦਕਿ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਕੌਂਸਲ ਵੱਲੋਂ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਜ਼ਮੀਨ ਵਿਚੋਂ ਕੀਤੀ ਗਈ ਮਾਈਨਿੰਗ ਕਰਕੇ ਮਿੱਟੀ ਚੁੱਕਣ ਸਬੰਧੀ ਰਿਪੋਰਟ ਦੇਣ ਲਈ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਨੋਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪ੍ਰੰਤੂ ਕੌਂਸਲ ਨੂੰ ਹਾਲੇ ਕੋਈ ਰਿਪੋਰਟ ਨਹੀਂ ਮਿਲੀ ਅਤੇ ਰਿਪੋਰਟ ਮਿਲਣ ਉਪਰੰਤ ਹੀ ਨਗਰ ਕੌਂਸਲ ਵੱਲੋਂ ਅਗਲੇਰੀ ਕਾਨੂੰਨੀ ਅਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ।