ਪਿੰਡ ਸਲੇਮਪੁਰ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਪਿੰਡ ਸਲੇਮਪੁਰ ਵਿਖੇ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
Publish Date: Sun, 15 Feb 2026 03:53 PM (IST)
Updated Date: Sun, 15 Feb 2026 03:57 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਪਿੰਡ ਸਲੇਮਪੁਰ ਵਿਖੇ ਕਿਸਾਨ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਦੇ ਖੇਤਾਂ ਵਿਚ ਆਸਪਾਸ ਦੇ ਪਿੰਡਾਂ ਤੋ ਖਰੀਦ ਕਰਕੇ ਲਗਾਈਆਂ ਗਈਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਗੱਠਾਂ ਪੂਰੀ ਤਰ੍ਹਾਂ ਨਾਲ ਸੜ ਗਈਆਂ ਜਿਸ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਅੱਗ ਨਾਲ ਹਜ਼ਾਰਾਂ ਕੁਇੰਟਲ ਪਰਾਲੀ ਸੜ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਭਾਰੀ ਮਸ਼ੱਕਤ ਕਰਕੇ ਬੜੀ ਮੁਸ਼ਕਿਲ ਨਾਲ ਅੱਗ ਨੂੰ ਕਾਬੂ ਕੀਤਾ। ਉਨ੍ਹਾਂ ਅਨੁਸਾਰ ਇਹ ਹਾਦਸਾ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਉਨ੍ਹਾ ਕਿਹਾ ਕਿ ਬਿਜਲੀ ਦੀਆਂ ਨੇੜੇ ਤੋਂ ਲੰਘ ਰਹੀਆਂ ਤਾਰਾਂ ਆਪਸ ਵਿਚ ਇਕੱਠੀਆਂ ਹੋਣ ਕਾਰਨ ਹੋਈ ਸਪਾਰਕਿੰਗ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦੇ ਕਾਰਜ ਵਿਚ ਜੁਟੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਤਨਾਮ ਸਿੰਘ ਵਿਦੇਸ਼ੋਂ ਆਇਆ ਸੀ ਅਤੇ ਉਸ ਨੇ ਲੱਖਾਂ ਰੁਪਏ ਖਰਚ ਕੇ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਆਪਣਾ ਕਾਰੋਬਾਰ ਸ਼ੁਰੂ ਕਰਕੇ 5-7 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਸੀ। ਪ੍ਰੰਤੂ ਅੱਗ ਲੱਗਣ ਕਾਰਨ ਉਸ ਦਾ ਸਾਰਾ ਕਾਰੋਬਾਰ ਚੌਪਟ ਹੋ ਗਿਆ ਹੈ। ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੋਂ ਪੀੜਤ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ