ਨਾਨਕਪੁਰਾ ਦੀ ਟੁੱਟੀ ਪੁਲੀ ਕਾਰਨ ਇਲਾਕਾ ਵਾਸੀ ਦੁਖੀ
ਨਾਨਕਪੁਰਾ ਦੀ ਟੁੱਟੀ ਪੁਲੀ ਕਾਰਨ ਇਲਾਕਾ ਵਾਸੀ ਤੇ ਰਾਹਗੀਰ ਪ੍ਰੇਸ਼ਾਨ
Publish Date: Fri, 13 Feb 2026 04:12 PM (IST)
Updated Date: Fri, 13 Feb 2026 04:15 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਨਗਰ ਕੌਂਸਲ ਰੂਪਨਗਰ ਅਧੀਨ ਪੈਂਦੇ ਨਾਨਕਪੁਰਾ ਨੂੰ ਜਾਂਦੀ ਸੜਕ ’ਤੇ ਬਣੀ ਬਰਸਾਤੀ ਪੁਲੀ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ। ਇਸ ਪੁਲੀ ’ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਦੇ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਲਈ ਇੱਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਇਸ ਪੁਲੀ ’ਤੇ ਰੌਸ਼ਨੀ ਦਾ ਕੋਈ ਪ੍ਰਬੰਧ ਨਾ ਹੋਣ ਰਾਤ ਦੇ ਸਮੇਂ ਦੋਪਹੀਆ ਵਾਹਨ ਚਾਲਕ ਕਈ ਵਾਰ ਟੋਇਆਂ ਵਿਚ ਡਿੱਗ ਵੀ ਚੁੱਕੇ ਹਨ। ਇਸ ਸਬੰਧੀ ਨਾਨਕਪੁਰਾ ਦੇ ਨਿਵਾੀਆਂ ਗੁਰਧਿਆਨ ਸਿੰਘ, ਗਿਆਨੀ ਪਾਲੀ ਸਿੰਘ ਨਾਨਕਪੁਰਾ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਨਾਨਕਪੁਰਾ ਪਿੰਡ ਨੂੰ ਜਾਂਦੀ ਇਸ ਪੁਲੀ ਦੀ ਨਗਰ ਕੌਂਸਲ ਰੂਪਨਗਰ ਵੱਲੋਂ ਬਰਸਾਤਾਂ ਵਿਚ ਟੁੱਟਣ ਤੋਂ ਬਾਅਦ ਸਾਰ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਨਗਰ ਕੌਂਸਲ ਦਫਤਰ ਵਿਚ ਵੀ ਕਈ ਬਾਰ ਸੁਚਿਤ ਕੀਤਾ ਗਿਆ ਹੈ ਪ੍ਰੰਤੂ ਇਸ ਪੁਲੀ ਦੀ ਹਾਲਤ ਸੁਧਾਰ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਪੁਲੀ ਤੋਂ ਨਾਨਕਪੁਰਾ, ਹੁਸੈਨਪੁਰ, ਨਵਾਂ ਨਾਨਕਪੁਰਾ ਦੇ ਨਿਵਾਸੀ ਤੇ ਰਾਹਗੀਰਾਂ ਆਉਂਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪੁਲੀ ਦੀ ਖਸਤਾ ਹਾਲਤ ਦੇ ਕਾਰਨ ਕਦੇ ਵੀ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨਗਰ ਕੌਂਸਲ ਰੂਪਨਗਰ ਨੂੰ ਇਸ ਟੁੱਟੀ ਪੁਲੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੀ ਵੀ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।