ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਵਾਰਡ 13 ਦੇ ਨਿਵਾਸੀ
ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਵਾਰਡ ਨੰਬਰ:13 ਦੇ ਨਿਵਾਸੀ
Publish Date: Fri, 13 Feb 2026 03:24 PM (IST)
Updated Date: Fri, 13 Feb 2026 03:27 PM (IST)

ਪ੍ਰੇਸ਼ਾਨ ਤੇ ਦੁਖੀ ਲੋਕਾਂ ਨੇ ਕਿਹਾ ਵੋਟਾਂ ਦਾ ਕੀਤਾ ਜਾਵੇਗਾ ਬਾਈਕਾਟ ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਦੇ ਰਾਮ ਬਾਗ ਰੋਡ ਸਥਿਤ ਵਾਰਡ ਨੰਬਰ:13 ਦੇ ਮਹੱਲਾ ਵਾਸੀ ਵਾਰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦੇ ਠੀਕ ਪ੍ਰਬੰਧ ਨਾ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਤੋਂ ਇੰਨੇ ਦੁਖੀ ਹਨ ਕਿ ਅੱਗੇ ਆ ਰਹੀਆਂ ਸਾਰੀਆਂ ਹੀ ਵੋਟਾਂ ਦਾ ਬਾਈਕਾਟ ਕਰਨਗੇ। ਇਸ ਮੌਕੇ ਵਾਰਡ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ-ਸੜਕਾਂ ਵਿਚ ਫੈਲਣ ਕਾਰਨ ਉਹ ਸੰਤਾਪ ਭੋਗ ਰਹੇ ਹਨ ਅਤੇ ਉੁਨ੍ਹਾਂ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਹੈ। ਇਸ ਸਬੰਧੀ ਬੀਬੀ ਗੁਰਦੇਵ ਕੌਰ, ਭੁਪਿੰਦਰ ਕੌਰ, ਆਸ਼ਾ ਰਾਣੀ, ਸੁਨੀਤਾ, ਅਨੀਤਾ, ਪ੍ਰਦੀਪ ਕੁਮਾਰ ਪੰਮਾ, ਸੋਹਣ ਲਾਲ, ਬਾਲਾ ਰਾਮ, ਪਵਨ ਕੁਮਾਰ, ਪ੍ਰਿੰਸ ਕੁਮਾਰ, ਵਰਿੰਦਰ, ਭਰਪੂਰ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਅਨੰਦ ਕੁਮਾਰ, ਜਗਦੇਵ ਸਿੰਘ ਆਦਿ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਵਿਚ ਮੱਖੀ, ਮੱਛਰ ਪੈਦਾ ਹੋਣ ਕਾਰਨ ਲੋਕ ਵੀ ਬਿਮਾਰ ਹੋ ਰਹੇ ਹਨ, ਜਦਕਿ ਨਗਰ ਕੌਂਸਲ ਵਿਖੇ ਈਓ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਕੋਲ ਵਾਰ-ਵਾਰ ਗੁਹਾਰ ਲਗਾਉਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਵਾਰ ਵਾਰ ਕਹਿਣ ’ਤੇ ਨਗਰ ਕੌਂਸਲ ਅਧਿਕਾਰੀ ਸੀਵਰੇਜ ਦਾ ਪਾਣੀ ਕੱਢਣ ਵਾਲੀ ਗੱਡੀ ਭੇਜ ਕੇ ਇੱਕ ਵਾਰ ਪਾਣੀ ਕੱਢਵਾ ਦਿੰਦੇ ਹਨ ਪ੍ਰੰਤੂ ਇਹ ਸਮੱਸਿਆ ਵਾਰ ਵਾਰ ਪੈਦਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨੇੜਲੇ ਵਾਰਡ ਵਿਚ ਬੀਤੇ ਸਮੇਂ ਦੌਰਾਨ ਗੰਦੇ ਪਾਣੀ ਦੀ ਸਮੱਸਿਆ ਕਾਰਨ ਹੀ ਸੈਂਕੜੇ ਲੋਕ ਬਿਮਾਰੀ ਦਾ ਸੰਤਾਪ ਭੋਗ ਚੁੱਕੇ ਹਨ ਪ੍ਰੰਤੂ ਨਗਰ ਕੌਂਸਲ ਨੇ ਸ਼ਾਇਦ ਇਸ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦੇ ਦਫਤਰ ਵੀ ਗਏ ਸਨ ਪ੍ਰੰਤੂ ਵਿਧਾਇਕ ਦੇ ਇੱਥੇ ਨਾ ਹੋਣ ਕਾਰਨ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ। ਇਸ ਮੌਕੇ ਪ੍ਰਦੀਪ ਕੁਮਾਰ ਪੰਮਾ ਅਤੇ ਹੋਰਨਾਂ ਮਹੱਲਾ ਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸਿਰਫ ਇਹੋ ਕਿਹਾ ਜਾਂਦਾ ਹੈ ਕਿ ਇਹ ਇਲਾਕਾ ਨੀਵਾਂ ਹੋਣ ਕਾਰਨ ਸੀਵਰੇਜ ਓਵਰਫਲੋ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਗਰ ਕੌਂਸਲ ਨੂੰ ਬਣਦੀ ਨਕਸ਼ਾ ਫੀਸ ਅਤੇ ਹੋਰ ਖਰਚੇ ਵੀ ਅਦਾ ਕੀਤੇ ਗਏ ਸਨ ਪ੍ਰੰਤੂ ਹੁਣ ਉਹ ਇਹ ਮਹੱਲਾ ਛੱਡ ਕੇ ਕਿਸੇ ਹੋਰ ਪਾਸੇ ਜਾਣ ਬਾਰੇ ਸੋਚਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਜਾਂ ਹੋਰ ਚੋਣਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ, ਲੋਕਲ ਬਾਡੀ ਮੰਤਰੀ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾਈ ਜਾਵੇ।