ਟਰੇਡ ਯੂਨੀਅਨਾਂ ਤੇ ਐੱਸਕੇਐੱਮ ਵੱਲੋਂ ਜ਼ੋਰਦਾਰ ਪ੍ਰਦਰਸ਼ਨ
ਵੱਖ ਵੱਖ ਟਰੇਡ ਯੂਨੀਅਨਾਂ ਤੇ ਐੱਸਕੇਐੱਮ ਵੱਲੋਂ ਕੇਂਦਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ
Publish Date: Thu, 12 Feb 2026 05:00 PM (IST)
Updated Date: Thu, 12 Feb 2026 05:02 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਭਾਰਤ ਦੀਆਂ ਟਰੇਡ ਯੂਨੀਅਨਾਂ ਵੱਲੋਂ 12 ਫਰਵਰੀ ਦੀ ਵਿਆਪਕ ਹੜਤਾਲ ਦੇ ਸੱਦੇ ’ਤੇ ਬਿਜਲੀ ਕਾਮਿਆਂ ਤੇ ਠੇਕਾ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਬਿਜਲੀ ਦਫ਼ਤਰ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਨੇ ਵੀ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਦੇ ਹੋਏ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ। 12 ਫਰਵਰੀ ਦੀ ਹੜ੍ਹਤਾਲ ਦੇ ਸੱਦੇ ਨੂੰ ਸਫਲ ਕਰਨ ਲਈ ਬਿਜਲੀ ਕਾਮਿਆਂ ਅਤੇ ਠੇਕਾ ਕਾਮਿਆਂ ਨੇ ਰਾਤ 12 ਵਜੇ ਤੋਂ ਹੀ ਮੁਕੰਮਲ ਤੌਰ ’ਤੇ ਕੰਮ ਬੰਦ ਕਰਕੇ ਮੋਰਿੰਡਾ ਬਿਜਲੀ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਸਕੱਤਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਹ ਹੜ੍ਹਤਾਲ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੀ ਨੀਤੀ ਰੱਦ ਕਰਵਾਉਣ, ਚਾਰ ਲੇਬਰ ਕੋਡ ਕਾਨੂੰਨਾਂ ਵਿਚ ਕੀਤੀਆਂ ਤਬਦੀਲੀਆਂ, ਬਿਜਲੀ ਬੀਜ ਬਿਲ-2025, ਮਨਰੇਗਾ ਸਕੀਮ ਵਿਚ ਕੀਤੀਆਂ ਤਬਦੀਲੀਆਂ ਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਸਮੇਤ ਐਕਟ 1948 ਅਨੁਸਾਰ ਘੱਟੋ ਘੱਟ ਤਨਖਾਹ ਅਤੇ ਭੱਤੇ ਨਿਸ਼ਚਿਤ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਬਕਾਇਆ ਮਹਿੰਗਾਈ ਭੱਤੇ ਦੀ ਅਦਾਇਗੀ ਅਤੇ ਸਰਕਾਰੀ ਜਮੀਨਾਂ ਵੇਚਣ ਦੀ ਪਾਲਿਸੀ ਰੱਦ ਕਰਵਾਉਣ ਆਦਿ ਮੰਗਾਂ ਲਈ ਕੀਤੀ ਗਈ ਹੈ। ਇਸ ਰੋਸ ਪ੍ਰਦਰਸ਼ਨ ਨੂੰ ਹਰਭਜਨ ਸਿੰਘ ਪ੍ਰਧਾਨ ਪੈਨਸ਼ਨਰ ਅਸੋਸੀਏਸ਼ਨ, ਮੇਹਰ ਸਿੰਘ ਤੇ ਜਗਦੀਸ਼ ਕੁਮਾਰ ਪੈਨਸ਼ਨਰ ਐਸੋਸੀਏਸ਼ਨ, ਬਲਵਿੰਦਰ ਸਿੰਘ ਟੀਐੱਸਯੂ, ਸੁਖਵਿੰਦਰ ਸਿੰਘ ਐੱਮਐੱਸਯੂ, ਗੁਰਜੰਟ ਸਿੰਘ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਸੀਨੀਅਰ ਆਗੂ ਅਵਤਾਰ ਸਿੰਘ ਸਹੇੜੀ, ਭੁਪਿੰਦਰ ਸਿੰਘ ਮੁੰਡੀਆਂ, ਬਰਿੰਦਰ ਸਿੰਘ ਐੱਮਐੱਸਯੂ, ਜੰਗ ਸਿੰਘ ਪੰਜਾਬ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕਿਸਾਨਾਂ ’ਤੇ ਸਰਕਾਰ ਵੱਲੋਂ ਕਰਵਾਏ ਲਾਠੀਚਾਰਜ ਅਤੇ ਝੂਠੇ ਕੇਸਾਂ ਵਿਚ ਫਸਾਉਣ ਦੀ ਨਿਖੇਧੀ ਵੀ ਕੀਤੀ ਗਈ। ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮੋਰਿੰਡਾ ਦੇ ਆਗੂਆਂ ਰੁਪਿੰਦਰ ਸਿੰਘ ਬਮਨਾੜਾ, ਪ੍ਰਕਾਸ਼ ਸਿੰਘ ਬੰਗੀਆਂ ਆਦਿ ਨੇ ਵੀ ਸ਼ਮੂਲੀਅਤ ਕੀਤੀ।