ਰੂਪਨਗਰ ਬੇਲਾ ਸੜਕ ਤੇ ਬਣ ਰਹੇ ਨਾਲੇ ਦਾ ਲਿਆ ਜਾਇਜ਼ਾ
ਰੂਪਨਗਰ ਬੇਲਾ ਸੜਕ ਤੇ ਬਣ ਰਹੇ ਨਾਲੇ ਦਾ ਹਲਕਾ ਵਿਧਾਇਕ ਨੇ ਲਿਆ ਜਾਇਜ਼ਾ
Publish Date: Thu, 12 Feb 2026 04:55 PM (IST)
Updated Date: Thu, 12 Feb 2026 04:57 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਕਸਬਾ ਬੇਲਾ ਵਿਖੇ ਰੂਪਨਗਰ ਬੇਲਾ ਸੜਕ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣ ਰਹੇ ਨਾਲੇ ਦਾ ਕੰਮ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਚਨਚੇਤ ਪਹੁੰਚੇ ਅਤੇ ਬਣ ਰਹੇ ਨਾਲੇ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੇ ਨਾਲ ਹਰਿੰਦਰ ਸਿੰਘ ਕਾਕਾ ਸਰਪੰਚ ਜਟਾਣਾ, ਜਗਤਾਰ ਸਿੰਘ ਘੰੜੂਆਂ ਸਿਆਸੀ ਸਕੱਤਰ, ਸ੍ਰੀ ਚੰਦ ਸ਼ਰਮਾ, ਸਵਰਨ ਸਿੰਘ ਜਟਾਣਾ ਸਮੇਤ ਕਈ ਆਪ ਆਗੂ ਨਾਲ ਸਨ। ਹਲਕਾ ਵਿਧਾਇਕ ਵੱਲੋਂ ਨਾਲੇ ਦੇ ਕੰਮ ਸਬੰਧੀ ਜਦੋਂ ਇਕੱਠੇ ਹੋਏ ਦੁਕਾਨਦਾਰਾਂ ਤੋਂ ਪੁੱਛਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਸਰਪੰਚ ਪ੍ਰਵੇਸ਼ ਗੋਇਲ ਨੇ ਹਲਕਾ ਵਿਧਾਇਕ ਨੂੰ ਕਿਹਾ ਕਿ ਸੜਕ ਤੋਂ ਦੋ ਤਿੰਨ ਫੁੱਟ ਦੀ ਦੂਰੀ ਤੇ ਹੀ ਇਹ ਨਾਲਾ ਬਣਾਇਆ ਜਾ ਰਿਹਾ ਜਦੋਂ ਕਿ ਇਹ ਸੜਕ ਦੀ ਚੌੜਾਈ 66 ਫੁੱਟ ਹੈ ਸੜਕ ਦੇ ਵਿਚਕਾਰ ਤੋਂ 33 ਫੁੱਟ ਸੱਜੇ ਤੇ 33 ਫੁੱਟ ਹੀ ਖੱਬੇ ਪਾਸੇ ਸੜਕ ਦੀ ਜਮੀਨ ਹੈ ਪ੍ਰੰਤੂ ਜੋ ਇਹ ਨਾਲਾ ਬਣਾਇਆ ਜਾ ਰਿਹਾ ਉਹ ਸੜਕ ਤੋਂ ਸਿਰਫ ਦੋ ਤਿੰਨ ਫੁੱਟ ਦੀ ਦੂਰੀ ਤੇ ਹੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਟਰੈਫਿਕ ਵਧਣ ਨਾਲ ਇਕ ਦੋ ਸਾਲਾਂ ਤੱਕ ਸੜਕ ਚੌੜੀ ਹੋ ਜਾਵੇਗੀ ਤੇ ਇਹ ਨਾਲਾ ਸੜਕ ਦੇ ਵਿਚ ਆ ਜਾਵੇਗਾ ਅਤੇ ਇਸ ਨਾਲੇ ਤੇ ਲਾਇਆ ਪੈਸਾ ਬਰਬਾਦ ਹੋ ਜਾਵੇਗਾ। ਪ੍ਰਵੇਸ਼ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਨੂੰ ਉਨਾਂ ਨੇ ਨਾਲਾ ਸੜਕ ਤੋਂ ਥੋੜਾ ਦੂਰੀ ਤੇ ਬਣਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਹਲਕਾ ਵਿਧਾਇਕ ਗੱਲ ਨੂੰ ਅਣਸੁਣੀ ਕਰਕੇ ਚਲੇ ਗਏ।