ਗ੍ਰਾਮ ਪੰਚਾਇਤ ਭਲਿਆਣ ਵੱਲੋਂ ਟੁੱਟੇ ਨਾਲੇ ਦੀ ਮੁਰੰਮਤ
ਗ੍ਰਾਮ ਪੰਚਾਇਤ ਭਲਿਆਣ ਵੱਲੋਂ ਟੁੱਟੇ ਨਾਲੇ ਦੀ ਮੁਰੰਮਤ
Publish Date: Thu, 12 Feb 2026 04:16 PM (IST)
Updated Date: Thu, 12 Feb 2026 04:17 PM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਗ੍ਰਾਮ ਪੰਚਾਇਤ ਭਲਿਆਣ ਵੱਲੋਂ ਸਰਪੰਚ ਸਤਵੀਰ ਸਿੰਘ ਸੱਤੀ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦਿਆਂ ਪਾਣੀ ਦੀ ਟੈਂਕੀ ਸਾਹਮਣੇ ਪੈਂਦੇ ਕਾਫੀ ਸਮੇਂ ਤੋਂ ਟੁੱਟੇ ਹੋਏ ਨਾਲੇ ਦੀ ਮੁਰੰਮਤ ਕਰਵਾ ਕੇ ਇਸ ਨੂੰ ਮੁੜ ਪੱਕੇ ਅਤੇ ਮਜ਼ਬੂਤ ਢੰਗ ਨਾਲ ਤਿਆਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗ੍ਰਾਮ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਉਕਤ ਨਾਲਾ ਲੰਬੇ ਸਮੇਂ ਤੋਂ ਟੁੱਟੀ ਹੋਈ ਹਾਲਤ ਵਿਚ ਹੋਣ ਕਾਰਨ ਆਵਾਜਾਈ ਅਤੇ ਸਫਾਈ ਸਬੰਧੀ ਸਮੱਸਿਆਵਾਂ ਪੈਦਾ ਕਰ ਰਿਹਾ ਸੀ। ਮੀਂਹ ਦੇ ਮੌਸਮ ਦੌਰਾਨ ਗੰਧਲੇ ਪਾਣੀ ਦੀ ਰੁਕਾਵਟ ਕਾਰਨ ਆਸ-ਪਾਸ ਦੇ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਚਾਇਤ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਾਲੇ ਦੀ ਨਵੀਂ ਤਿਆਰੀ ਕਰਵਾਈ ਗਈ, ਜਿਸ ਵਿਚ ਮਜ਼ਬੂਤ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਸਮੱਸਿਆ ਦੁਬਾਰਾ ਨਾ ਉਭਰੇ। ਇਸ ਨਾਲੇ ਦੀ ਮੁਰੰਮਤ ਦੌਰਾਨ ਸਿਰਫ ਮਜ਼ਬੂਤੀ ਹੀ ਨਹੀਂ, ਸਗੋਂ ਇਸਦੀ ਸੁੰਦਰਤਾ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੰਗ-ਰੋਗਨ ਅਤੇ ਸਫ਼ਾਈ ਦੇ ਪ੍ਰਬੰਧ ਨਾਲ ਇਹ ਨਾਲਾ ਹੁਣ ਸਾਫ਼-ਸੁਥਰਾ ਅਤੇ ਸੁੰਦਰ ਦਿੱਖ ਪੇਸ਼ ਕਰ ਰਿਹਾ ਹੈ। ਸਰਪੰਚ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਗ੍ਰਾਮ ਪੰਚਾਇਤ ਪਿੰਡ ਦੇ ਸਮੂਹਿਕ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਫਾਈ ਪ੍ਰਬੰਧ ਮਜ਼ਬੂਤ ਕਰਨਾ, ਗਲੀ-ਨਾਲੀਆਂ ਦੀ ਸੰਭਾਲ, ਸਟ੍ਰੀਟ ਲਾਈਟਾਂ ਦਾ ਸੁਧਾਰ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਹੋਰ ਬੁਨਿਆਦੀ ਢਾਂਚਾਗਤ ਕਾਰਜ ਤਰਜੀਹ ਦੇ ਅਧਾਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਪੰਚਾਇਤ ਵੱਲੋਂ ਲੋਕ-ਹਿਤੈਸ਼ੀ ਪ੍ਰੋਜੈਕਟ ਲਗਾਤਾਰ ਜਾਰੀ ਰਹਿਣਗੇ।