ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਰੋਸ ਪ੍ਰਦਰਸ਼ਨ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਮਿਸਤਰੀਆਂ-ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Thu, 12 Feb 2026 03:09 PM (IST)
Updated Date: Thu, 12 Feb 2026 03:11 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਦੇ ਲੇਬਰ ਚੌਂਕ ਵਿਖੇ ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡਾਂ ਦੇ ਵਿਰੋਧ ਵਿਚ ਦੇਸ਼-ਵਿਆਪੀ ਹੜਤਾਲ ਦੇ ਸਮਰਥਨ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਇਸ ਮੌਕੇ ਸਤਵਿੰਦਰ ਸਿੰਘ, ਮਲਾਗਰ ਸਿੰਘ ਅਤੇ ਕਿਰਤੀ ਕਿਸਾਨ ਮੋਰਚੇ ਦੇ ਬਲਾਕ ਪ੍ਰਧਾਨ ਫੌਜੀ ਹਰਜੀਤ ਸਿੰਘ ਸੈਦਪੁਰਾ ਨੇ ਕੇਂਦਰ ਸਰਕਾਰ ’ਤੇ ਕਾਰਪੋਰੇਟਾਂ ਦੇ ਹਿੱਤਾਂ ਨੂੰ ਤਰਜੀਹ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਨਵੇਂ ਲੇਬਰ ਕੋਡ ਨਾਲ ਮਜ਼ਦੂਰਾਂ ਦੇ ਹੱਕਾਂ ’ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਨੇ ਸੰਘਰਸ਼ ਕਰਕੇ 8 ਘੰਟੇ ਦੀ ਦਿਹਾੜੀ, ਘੱਟੋ-ਘੱਟ ਉਜਰਤ ਅਤੇ ਹੋਰ ਹੱਕ ਹਾਸਲ ਕੀਤੇ ਸਨ ਪ੍ਰੰਤੂ ਨਵੇਂ ਕਾਨੂੰਨਾਂ ਨਾਲ ਇਹ ਹੱਕ ਕਮਜ਼ੋਰ ਹੋ ਸਕਦੇ ਹਨ। ਇਸ ਦੇ ਨਾਲ ਹੀ ਬਿਜਲੀ-ਬੀਜ ਬਿਲ-2025, ਮਨਰੇਗਾ ਅਤੇ ਖੇਤੀਬਾੜੀ ਸਬੰਧੀ ਅੰਤਰਰਾਸ਼ਟਰੀ ਸਮਝੌਤਿਆਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਗਈ। ਉਨ੍ਹਾਂ ਸਮੂਹ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਇਕੱਠੇ ਹੋ ਕੇ ਸੰਘਰਸ਼ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਚਾਰ ਲੇਬਰ ਕੋਡਾਂ ਨੂੰ ਰਾਜ ਵਿਚ ਲਾਗੂ ਨਾ ਕੀਤਾ ਜਾਵੇ। ਇਸ ਦੌਰਾਨ ਮਿਸਤਰੀਆਂ ਅਤੇ ਮਜ਼ਦੂਰਾਂ ਵੱਲੋਂ ਲੇਬਰ ਚੌਂਕ ਤੋਂ ਘੋੜਾ ਚੌਂਕ ਤੱਕ ਰੋਸ ਮਾਰਚ ਵੀ ਕੀਤਾ ਗਿਆ। ਇਸ ਮੌਕੇ ਦਲਵੀਰ ਸਿੰਘ ਸੈਦਪੁਰਾ, ਸੁਖਜਿੰਦਰ ਸਿੰਘ, ਗੁਲਾਬ ਚੰਦ ਚੌਹਾਨ, ਹਰਮੇਸ਼ ਕੁਮਾਰ ਕਾਕਾ, ਗੁਰਮੇਲ ਸਿੰਘ, ਉਂਕਾਰ ਸਿੰਘ, ਤਰਲੋਚਨ ਸਿੰਘ, ਜਗਮੀਤ ਸਿੰਘ, ਜਸਵੀਰ ਧਾਲੀਵਾਲ, ਅਜੈਬ ਸਿੰਘ ਸਮਾਣਾ, ਦਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।