ਸ਼੍ਰੀ ਚਮਕੌਰ ਸਾਹਿਬ ਵਿਖੇ ਗੰਨਾ ਕਾਸ਼ਤਕਾਰਾਂ ਲਈ ਲਾਇਆ ਸਿਖਲਾਈ ਕੈਂਪ
ਸ਼੍ਰੀ ਚਮਕੌਰ ਸਾਹਿਬ ਵਿਖੇ ਗੰਨਾ ਕਾਸ਼ਤਕਾਰਾਂ ਲਈ ਸਿਖਲਾਈ ਕੈਂਪ ਆਯੋਜਿਤ
Publish Date: Thu, 12 Feb 2026 02:58 PM (IST)
Updated Date: Thu, 12 Feb 2026 02:59 PM (IST)

ਕੈਂਪ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਸੁਚੱਜੀ ਕਾਸ਼ਤ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਰਾਜਵੀਰ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਵਿਖੇ ਕੇਨ ਕਮਿਸ਼ਨਰ ਪੰਜਾਬ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਗੰਨਾ ਸ਼ਾਖਾ ਵੱਲੋਂ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਗੰਨਾ ਕਾਸ਼ਤਕਾਰਾਂ ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪੀਏਯੂ ਲੁਧਿਆਣਾ ਦੇ ਗੰਨਾ ਰੀਜਨਲ ਰਿਸਰਚ ਸੈਂਟਰ ਕਪੂਰਥਲਾ ਅਤੇ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕੈਂਪ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਸੁਚੱਜੀ ਕਾਸ਼ਤ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕਿਸਾਨਾਂ ਦੋ ਕਤਾਰੀ ਖਾਲੀ ਵਿਧੀ ਨਾਲ ਚੇਤੀ ਬਿਜਾਈ, ਮੁੱਢੇ ਗੰਨੇ ਹੇਠ ਰਕਬਾ ਵਧਾਉਣ ਤੇ ਉਸ ਦੀ ਸੰਭਾਲ, ਬਸੰਤ ਰੁੱਤ ਵਿਚ ਉੱਤਮ ਕਿਸਮਾਂ ਦੀ ਵਿਉਂਤਬੰਦੀ, ਕੀਟ ਪ੍ਰਬੰਧਨ, ਜੈਵਿਕ ਖਾਦਾਂ ਅਤੇ ਰੂੜੀ ਦੀ ਵਰਤੋਂ ਤੇ ਲੇਬਰ ਦੀ ਸਮੱਸਿਆ ਦੇ ਹੱਲ੍ਹ ਲਈ ਕੇਨ ਹਾਰਵੈਸਟਰ ਦੀ ਵਰਤੋਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸੀਨੀਅਰ ਕੀਟ ਵਿਗਿਆਨੀ ਡਾ.ਯੁਵਰਾਜ ਸਿੰਘ ਨੇ ਗੰਨੇ ਦੇ ਹਾਨੀਕਾਰਕ ਕੀੜੇ-ਮਕੌੜਿਆਂ ਅਤੇ ਉਨ੍ਹਾਂ ਦੇ ਸੁਚੱਜੇ ਪ੍ਰਬੰਧਨ ਬਾਰੇ ਦੱਸਿਆ। ਖੇਤੀ ਵਿਗਿਆਨੀ ਡਾ.ਜਸ਼ਨਜੋਤ ਕੌਰ ਨੇ ਵੱਧ ਝਾੜ ਪ੍ਰਾਪਤ ਕਰਨ ਲਈ ਵਿਗਿਆਨਕ ਤਰੀਕਿਆਂ, ਅੰਤਰ ਫਸਲਾਂ ਅਤੇ ਨਦੀਨ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਬਾਇਓਕੈਮਿਸਟ ਡਾ.ਇੰਦਰਪਾਲ ਕੌਰ ਨੇ ਗੰਨੇ ਤੋਂ ਵੱਧ ਰਿਕਵਰੀ ਅਤੇ ਉੱਤਮ ਗੁੜ ਤਿਆਰ ਕਰਨ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫਸਰ ਲੁਧਿਆਣਾ ਡਾ.ਜਸਵਿੰਦਰ ਸਿੰਘ ਨੇ ਪੀਏਯੂ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗੰਨੇ ਦੀਆਂ ਕਿਸਮਾਂ ਜਿਵੇਂ ਸੀਓਪੀਬੀ-95, ਸੀਓਪੀਬੀ-92, ਸੀਓਜੇ-85, ਸੀਓ-118, ਸੀਓ-15023 ਆਦਿ ਅਤੇ ਸੀਆਰਵੀਸੀ ਵੱਲੋਂ ਸਿਫਾਰਸ਼ ਅਗੇਤੀਆਂ ਅਤੇ ਪਿਛੇਤੀਆਂ ਕਿਸਮਾਂ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਕੇਨ ਕਮਿਸ਼ਨਰ ਪੰਜਾਬ ਡਾ.ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਦੌਰਾਨ ਲੇਬਰ ਦੀ ਘਾਟ ਨੂੰ ਧਿਆਨ ਵਿਚ ਰੱਖਦਿਆਂ ਕੇਨ ਹਾਰਵੈਸਟਰ ਅਤੇ ਟ੍ਰੇਂਚ ਪਲਾਂਟਰ ਵਰਗੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਦੋ ਕਤਾਰੀ ਚੌੜੀ ਵਿਧੀ ਨਾਲ 4 ਫੁੱਟ ਦੇ ਫਾਸਲੇ ’ਤੇ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ-ਮਾਰਚ ਮਹੀਨੇ ਗੰਨੇ ਦੀ ਬਿਜਾਈ ਲਈ ਸਭ ਤੋਂ ਢੁੱਕਵੇਂ ਹਨ ਅਤੇ ਇਸ ਸਮੇਂ ਉੱਤਮ ਕਿਸਮਾਂ ਦੀ ਬੀਜਾਈ ਕਰਕੇ ਪੈਦਾਵਾਰ ਅਤੇ ਖੰਡ ਰਿਕਵਰੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਟ੍ਰੇਂਚ ਵਿਧੀ ਅਪਣਾ ਕੇ ਅੰਤਰ ਫਸਲਾਂ ਰਾਹੀਂ ਆਮਦਨ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਦੇ ਅੰਤ ਵਿਚ ਉਪ ਚੇਅਰਮੈਨ ਸਹਿਕਾਰੀ ਖੰਡ ਮਿਲ ਮੋਰਿੰਡਾ ਸੁਰਿੰਦਰ ਸਿੰਘ ਨੇ ਹਾਜ਼ਰ ਕਿਸਾਨਾਂ ਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੰਚ ਸੰਚਾਲਨ ਮੁੱਖ ਗੰਨਾ ਵਿਕਾਸ ਅਫਸਰ ਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਡਾਇਰੈਕਟਰ ਸਹਿਕਾਰੀ ਖੰਡ ਮਿਲ ਮੋਰਿੰਡਾ ਰਣਧੀਰ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਕੁਲਵੰਤ ਸਿੰਘ, ਬਹਾਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।