ਹਾਦਸੇ ’ਚ ਤਬਲਾਵਾਦਕ ਦੀ ਮੌਤ, ਇੱਕ ਜ਼ਖ਼ਮੀ
ਸੜਕ ਹਾਦਸੇ ’ਚ ਤਬਲਾਵਾਦਕ ਦੀ ਮੌਤ, ਇੱਕ ਗੰਭੀਰ ਜ਼ਖਮੀ
Publish Date: Wed, 11 Feb 2026 06:34 PM (IST)
Updated Date: Wed, 11 Feb 2026 06:35 PM (IST)

ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਦੇਰ ਰਾਤ ਪਿੰਡ ਭੋਜੇਮਾਜਰਾ ਨੇੜੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਵਿਖੇ ਰਾਗੀ ਜੱਥੇ ਨਾਲ ਸੇਵਾ ਨਿਭਾ ਰਹੇ ਤਬਲਾਵਾਦਕ ਭਾਈ ਗੁਰਮੁੱਖ ਸਿੰਘ ਜੋੜੀਵਾਲਾ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ ਨੇ ਦੱਸਿਆ ਕਿ ਗੁਰਮੁੱਖ ਸਿੰਘ ਬੀਤੀ ਸ਼ਾਮ ਆਪਣੇ ਸਾਥੀ ਭਾਈ ਜਸਕਰਨ ਸਿੰਘ ਨਾਲ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਖੜੀ ਇੱਕ ਗੱਡੀ ਨਾਲ ਟਕਰਾ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਭਾਈ ਗੁਰਮੁੱਖ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਭਾਈ ਜਸਕਰਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਮੁੱਖ ਸਿੰਘ ਪਿੰਡ ਭਰਤਗੜ੍ਹ ਦੇ ਰਹਿਣ ਵਾਲੇ ਸਨ, ਜਦਕਿ ਭਾਈ ਜਸਕਰਨ ਸਿੰਘ ਦੀ ਅੱਖਾਂ ਦੀ ਨਿਗ੍ਹਾ ਨਹੀਂ ਹੈ ਅਤੇ ਉਹ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਗੁਰਮੁੱਖ ਸਿੰਘ ਦੀ ਅਚਾਨਕ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭਾਈ ਗੁਰਮੁੱਖ ਸਿੰਘ ਇੱਕ ਸਮਰਪਿਤ ਗੁਰਸਿੱਖ ਅਤੇ ਕੀਰਤਨ ਸੇਵਾ ਨਾਲ ਜੁੜੇ ਹੋਏ ਨਿਮਰ ਸੁਭਾਉ ਦੇ ਵਿਅਕਤੀ ਸਨ, ਜਿਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕੇਗੀ।