ਕੂੜੇ ਦੀ ਸਮੱਸਿਆ ਬਣੀ ਮੋਰਿੰਡਾ ਵਾਸੀਆਂ ਲਈ ਸਿਰਦਰਦ, ਅਧਿਕਾਰੀ ਸੁੱਤੇ ਗੂੜ੍ਹੀ ਨੀਂਦ
ਮੋਰਿੰਡਾ ਵਿਖੇ ਸ਼ਹਿਰ ਵਾਸੀਆਂ ਲਈ ਕੂੜੇ ਦੀ ਸਮੱਸਿਆ ਬਣੀ ਵੱਡੀ ਸਿਰਦਰਦੀ, ਨਗਰ ਕੌਂਸਲ ਅਧਿਕਾਰੀ ਗੂੜ੍ਹੀ ਨੀਂਦ ’ਚ
Publish Date: Wed, 11 Feb 2026 05:45 PM (IST)
Updated Date: Wed, 11 Feb 2026 05:47 PM (IST)

ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਲ ਬਾਡੀ ਮੰਤਰੀ ਤੋਂ ਤੁਰੰਤ ਦਖਲ ਦੇਣ ਦੀ ਮੰਗ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਵੱਲੋ ਸ਼ਹਿਰ ਦਾ ਕੂੜਾ-ਕਰਕਟ ਸੁੱਟਣ ਲਈ ਭਾਂਵੇ ਲੱਖਾਂ ਰੁਪਏ ਖਰਚ ਕੇ ਪਿੰਡ ਭਟੇੜੀ ਵਿਚ ਬਣਾਇਆ ਗਿਆ ਕੂੜਾ ਡੰਪ ਪਿੰਡ ਫਤਿਹਪੁਰ ਥੇੜੀ, ਮਾਛੀਪੁਰ ਅਤੇ ਸਿਲ ਕੱਪੜਾ ਦੇ ਲੋਕਾਂ ਵੱਲੋ ਲੱਗਭਗ ਇਕ ਮਹੀਨਾ ਲਗਾਤਾਰ ਧਰਨਾ-ਪ੍ਰਦਰਸ਼ਨ ਕਰਨ ਉਪਰੰਤ ਕੌਂਸਲ ਵੱਲੋ ਜਿੱਥੇ ਇਹ ਡੰਪ ਕੁਝ ਦਿਨ ਕੂੜਾ-ਕਰਕਟ ਸੁੱਟਣ ਉਪਰੰਤ ਬੰਦ ਕਰ ਦਿੱਤਾ ਗਿਆ, ਉੱਥੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਭਰੋਸਾ ਦਿਵਾਉਣ ਤੋ ਬਾਅਦ ਧਰਨਾਕਾਰੀਆਂ ਵੱਲੋ ਧਰਨਾ-ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ ਹੈ। ਲੇਕਿਨ ਨਗਰ ਕੌਂਸਲ ਦੇ ਅਧਿਕਾਰੀਆ ਵੱਲੋਂ ਕਰੀਬ 7-8 ਮਹੀਨੇ ਲੰਘ ਜਾਣ ਉਪਰੰਤ ਵੀ ਸ਼ਹਿਰ ਦੇ ਆਸ-ਪਾਸ ਦੇ 5-7 ਕਿਲੋਮੀਟਰ ਦੇ ਦਾਇਰੇ ਵਿਚ ਪੱਕੇ ਤੌਰ ਤੇ ਕੂੜਾ ਡੰਪ ਬਣਾਉਣ ਲਈ ਕਿਸੇ ਜਮੀਨ ਦਾ ਪ੍ਰਬੰਧ ਨਾ ਕਰਕੇ ਟਿੱਪਰਾਂ ਰਾਹੀ ਜੀਰਕਪੁਰ ਤੇ ਲਾਲੜੂ ਆਦਿ ਵਿਖੇ ਕੂੜਾ ਸੁੱਟਣ ਲਈ ਰੋਜਾਨਾ ਹਜਾਰਾਂ ਰੁਪਏ ਖਰਚ ਕਰਕੇ ਕੌਂਸਲ ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ। ਜਦਕਿ ਇਸ ਦੇ ਬਾਵਜੂਦ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਲੱਗੇ ਕੂੜੇ ਦੇ ਢੇਰ ਜਿੱਥੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਮੂੰਹ ਚਿੜਾ ਰਹੇ ਹਨ, ਉੱਥੇ ਹੀ ਸ਼ਹਿਰ ਵਾਸੀਆਂ ਵੱਲੋਂ ਹਰ ਮਹੀਨੇ ਲੱਖਾਂ ਰੁਪਏ ਤਨਖਾਹਾਂ ਤੇ ਭੱੱਤਿਆਂ ਰਾਂਹੀ ਵਸੂਲ ਕਰਨ ਵਾਲੇ ਕੌਂਸਲ ਦੇ ਆਹੁਦੇਦਾਰਾਂ ਅਤੇ ਅਧਿਕਾਰੀਆਂ/ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਨੋਟਿਸਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਕੌਂਸਲਰ ਰਕੇਸ਼ ਕੁਮਾਰ ਬੱਗਾ, ਕੌਂਸਲਰ ਰਜੇਸ਼ ਕੁਮਾਰ ਸਿਸੋਦੀਆ ਅਤੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ਤੇ ਲੱਖੀ ਸ਼ਾਹ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਿਛਲੇ 10 ਸਾਲਾਂ ਤੋਂ ਪਿੰਡ ਰਤਨਗੜ੍ਹ ਵਿਖੇ ਕੂੜਾ ਡੰਪ ਬਣਾਇਆ ਗਿਆ ਸੀ ਜਿਸ ਦੀ ਮਿਆਦ ਅਪ੍ਰੈਲ 2025 ਵਿਚ ਪੂਰੀ ਹੋਣ ਤੋ ਪਹਿਲਾਂ ਹੀ ਜਮੀਨ ਮਾਲਕ ਵੱਲੋਂ ਜਮੀਨ ਖਾਲੀ ਕਰਨ ਅਤੇ ਭਵਿੱਖ ਵਿਚ ਇਹ ਜਮੀਨ ਡੰਪ ਲਈ ਨਾ ਦੇਣ ਸਬੰਧੀ ਕੌਂਸਲ ਅਧਿਕਾਰੀਆਂ ਨੂੰ ਅੱਧੀ ਦਰਜਨ ਤੋਂ ਵੱਧ ਨੋਟਿਸ ਭੇਜੇ ਗਏ ਸਨ ਪ੍ਰੰਤੂ ਪਹਿਲਾਂ ਤਾਂ ਕੌਂਸਲ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਵੱਲੋਂ ਇਨ੍ਹਾਂ ਨੋਟਿਸਾਂ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ ਗਿਆ ਪ੍ਰੰਤੂ ਜਦੋਂ ਐਗਰੀਮੈਂਟ ਅਨੁਸਾਰ ਸਮਾਂ ਪੂਰਾ ਹੋ ਗਿਆ ਤਾਂ ਸ਼ਹਿਰ ਦੇ ਹੀ ਕੁਝ ਕੌਂਸਲਰਾਂ ਵੱਲੋਂ ਪਿੰਡ ਭਟੇੜੀ ਦੇ ਇੱਕ ਕਿਸਾਨ ਨੂੰ ਉਪਜਾਊ ਜਮੀਨ ਕੂੜਾ ਡੰਪ ਲਈ ਦੇਣ ਲਈ ਤਿਆਰ ਕਰਕੇ ਠੇਕੇ ਦੀ ਵੱਡੀ ਰਕਮ ਵੀ ਸਬੰਧਤ ਕਿਸਾਨ ਨੂੰ ਅਦਾ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਮੀਨ ਵਿਚ ਕੌਂਸਲ ਵੱਲੋਂ ਸਿਰਫ 15 ਦਿਨ ਕੂੜਾ ਕਰਕਟ ਸੁੱਟਿਆ ਗਿਆ ਅਤੇ ਅਤੇ ਕੂੜਾ ਸੁੱਟਣ ਵਾਲੀ ਥਾਂ ਤੇ ਕੋਈ ਫੈਂਸਿੰਗ ਵਗੈਰਾ ਨਾ ਕਰਨ ਕਾਰਨ ਕੂੜਾ ਕਰਕਟ ਅਤੇ ਪੋਲੀਥੀਨ ਲਿਫਾਫੇ ਦੂਰ ਦੂਰ ਤੱਕ ਖੇਤਾਂ ਵਿਚ ਬਿਖਰ ਕੇ ਫਸਲਾਂ ਨੂੰ ਖਰਾਬ ਕਰਨ ਲੱਗ ਪਏ। ਜਿਸ ਉਪਰੰਤ ਉਥੋਂ ਨੇੜੇ ਦੇ ਪਿੰਡਾਂ ਦੇ ਲੋਕਾਂ ਵੱਲੋਂ 28 ਦਿਨ ਲਗਾਤਾਰ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਹਲਕਾ ਵਿਧਾਇਕ ਵੱਲੋਂ ਇਸ ਡੰਪ ਨੂੰ ਬੰਦ ਕਰਨ ਦਾ ਐਲਾਨ ਕਰਕੇ ਧਰਨਾ ਪ੍ਰਦਰਸ਼ਨ ਸਮਾਪਤ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੌਂਸਲ ਦੇ ਕੁਝ ਮੈਂਬਰਾਂ ਅਤੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਸਦਕਾ ਜਿੱਥੇ ਸਬੰਧਤ ਕਿਸਾਨ ਕੋਲ ਨਗਰ ਕੌਂਸਲ ਦੀ ਵੱਡੀ ਰਕਮ ਫਸ ਕੇ ਰਹਿ ਗਈ ਹੈ ਉਥੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਜੀਰਕਪੁਰ ਲਾਲੜੂ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਸੁੱਟਣ ਲਈ ਰੋਜਾਨਾ ਟਿੱਪਰਾਂ ਨੂੰ ਹਜਾਰਾਂ ਰੁਪਏ ਕਿਰਾਏ ਦੇ ਖਰਚੇ ਜਾ ਰਹੇ ਹਨ। ਜਿਸ ਨਾਲ ਨਗਰ ਕੌਂਸਲ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਆਗੂਆ ਨੇ ਦੱਸਿਆ ਕਿ ਕੌਸਲ ਵੱਲੋ ਚੁੰਨੀ ਰੋਡ , ਪੁਰਾਣੀ ਬਸੀ ਪਠਾਣਾਂ, ਨਿਯੂ ਰੇਲਵੇ ਸਟੇਸ਼ਨ ਰੋਡ ,ਜੌਲੀ ਮਾਰਕੀਟ ਦੇ ਪਿੱਛੇ ਅਤੇ ਕਮਿਉਨਿਟੀ ਸੈਂਟਰ ਦੇ ਪਿੱਛੇ ਸੁੱਟੀ ਜਾ ਰਹੀ ਗੰਦਗੀ ਦੀ ਦੁਰਗੰਧ ਅਤੇ ਦਿਨੋ-ਦਿਨ ਵਧ ਰਹੀਆਂ ਮੱਖੀਆਂ, ਮੱਛਰ, ਅਵਾਰਾ ਕੁੱਤਿਆਂ ਤੇ ਪਸ਼ੂਆਂ ਦੀ ਭਰਮਾਰ ਨੇ ਜਿੱਥੇ ਸ਼ਹਿਰ ਵਾਸੀਆ ਦਾ ਜੀਣਾ ਦੁੱਭਰ ਕਰ ਰੱਖਿਆ ਹੈ, ਉੱਥੇ ਸ਼ਹਿਰ ਵਾਸੀਆ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਉਕਤ ਆਗੂਆ ਅਤੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੇ ਮੰਗ ਕੀਤੀ ਕਿ ਲੋਕਾਂ ਵੱਲੋ ਟੈਕਸਾਂ ਰਾਂਹੀ ਜਮਾ ਕਰਵਾਏ ਗਏ ਪੈਸੇ ਦੀ ਗਲਤ ਢੰਗ ਨਾਲ ਵਰਤੋ ਕਰਨ ਲਈ ਜਿੰਮੇਵਾਰ ਅਧਿਕਾਰੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਕਾਰਜ ਸਾਧਕ ਅਫਸਰ ਦਾ ਰਟਿਆ ਰਟਾਇਆ ਜਵਾਬ ਉਧਰ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਨਵੀਂ ਜਗ੍ਹਾ ਲੈਣ ਲਈ ਆਸ ਪਾਸ ਦੇ ਪਿੰਡਾਂ ਦੇ ਕਈ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਹੈ ਪਰੰਤੂ ਕੁਝ ਅੜਚਣਾਂ ਆਉਣ ਕਾਰਨ ਦੇਰੀ ਹੋ ਰਹੀ ਹੈ। ਪਿੰਡ ਭਟੇੜੀ ਦੇ ਕਿਸਾਨ ਤੋਂ ਪੈਸੇ ਵਾਪਸ ਲੈਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਜਿੰਦਲ ਨੇ ਦੱਸਿਆ ਕਿ ਪੈਸਿਆਂ ਦਾ ਮਸਲਾ ਕੌਂਸਲ ਲਈ ਸੈਕੰਡਰੀ ਹੈ , ਜਦਕਿ ਕੌਂਸਲ ਵੱਲੋਂ ਪਹਿਲ ਜਮੀਨ ਲੀਜ ਤੇ ਲੈ ਕੇ ਸ਼ਹਿਰ ਵਿੱਚੋਂ ਕੂੜਾ ਚੁਕਵਾਉਣ ਦੀ ਹੈ। ਸ਼ਹਿਰ ਦਾ ਕੂੜਾ ਜ਼ੀਰਕਪੁਰ ਲਾਲੜੂ ਆਦਿ ਵਿਚ ਸੁੱਟਣ ਲਈ ਟਿੱਪਰਾਂ ਦੇ ਕਿਰਾਏ ਤੇ ਰੋਜਾਨਾ ਖਰਚੇ ਜਾਂਦੇ ਹਜ਼ਾਰਾਂ ਰੁਪਏ ਦਾ ਜਵਾਬ ਦੇਣ ਦੀ ਜਗ੍ਹਾ ਉਹ ਫੋਨ ਕੱਟ ਗਏ।