ਟਰੈਫਿਕ ਨਿਯਮਾਂ ਦੀ ਉਲੰਘਣਾ ਵਾਲੇ 83 ਵਾਹਨ ਚਾਲਕਾਂ ਦੇ ਚਲਾਨ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 83 ਵਾਹਨ ਚਾਲਕਾਂ ਦੇ ਚਲਾਨ
Publish Date: Wed, 11 Feb 2026 04:05 PM (IST)
Updated Date: Wed, 11 Feb 2026 04:08 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਟ੍ਰੈਫਿਕ ਪੁਲਿਸ ਮੋਰਿੰਡਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ 83 ਦੇ ਚਲਾਨ ਕੀਤੇ ਗਏ। ਇਸ ਦੌਰਾਨ ਖਾਸ ਤੌਰ ’ਤੇ ਵਰਜਿਤ ਥਾਵਾਂ ’ਤੇ ਪਾਰਕਿੰਗ ਕਰਨ ਵਾਲੇ 77 ਵਾਹਨ ਚਾਲਕਾਂ ਦੇ ਰੌਂਗ ਪਾਰਕਿੰਗ ਦੇ ਚਲਾਨ ਕੀਤੇ ਗਏ। ਟ੍ਰੈਫਿਕ ਇੰਚਾਰਜ ਮਲਕੀਅਤ ਸਿੰਘ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਪਾਰਕ ਕੀਤੀਆਂ ਬੇਤਰਤੀਬੀਆਂ ਗੱਡੀਆਂ ਦੇ ਚਲਾਨ ਕੀਤੇ ਅਤੇ ਸੜਕਾਂ ਵਿਚ ਰੇਹੜੀ ਫੜੀ ਵਾਲਿਆਂ ਵੱਲੋਂ ਦੂਰ ਦੂਰ ਤੱਕ ਕੀਤੇ ਕਬਜ਼ੇ ਹਟਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਇੱਕ ਦੂਸਰੇ ਤੋਂ ਅੱਗੇ ਸੜਕ ਤੱਕ ਸਮਾਨ ਲਗਾਉਣ ਕਾਰਨ ਪਾਰਕਿੰਗ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਨਸੀਹਤ ਦਿੱਤੀ ਕਿ ਸੜਕਾਂ ’ਤੇ ਸਮਾਨ ਨਾ ਸਜਾਇਆ ਜਾਵੇ। ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਨਿਰਧਾਰਿਤ ਧਾਵਾਂ ’ਤੇ ਹੀ ਗੱਡੀਆਂ ਪਾਰਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵਾਲਿਆਂ ਖਿਲਾਫ ਕਾਰਵਾਈ ਜਾਰੀ ਰਹੇਗੀ। ਟ੍ਰੈਫਿਕ ਪੁਲਿਸ ਦੀ ਇਸ ਕਾਰਵਾਈ ਉਪਰੰਤ ਸ਼ਹਿਰ ਵਿਚ ਖਾਸ ਕਰ ਕੇ ਮੁੱਖ ਮਾਰਗਾਂ ’ਤੇ ਵਾਹਨ ਚਾਲਕਾਂ ਨੂੰ ਜਾਮ ਲੱਗਣ ਦੀ ਮੁਸੀਬਤ ਤੋਂ ਰਾਹਤ ਮਿਲੀ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਦੀ ਗੈਰਹਾਜ਼ਰੀ ਵਿਚ ਸ਼ਹਿਰ ਵਿਚ ਜਾਮ ਲੱਗਣ ਕਾਰਨ ਟ੍ਰੈਫਿਕ ਵਿਵਸਥਾ ਬਦ ਤੋਂ ਵੀ ਬਦਤਰ ਹੋ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਕਈ ਵਾਰ ਤਾਂ ਕਈ ਕਈ ਘੰਟੇ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਕਰਮੀਆਂ ਤੇ ਅਧਿਕਾਰੀਆਂ ਦੀ ਦੂਸਰੇ ਸ਼ਹਿਰਾਂ ਵਿਚ ਲਗਾਏ ਜਾਣ ਕਾਰਨ ਹੀ ਲੋਕਾਂ ਨੂੰ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਸ ਕਾਰਨ ਮਰੀਜ਼, ਸਕੂਲੀ ਬੱਚਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਨੂੰ ਵੀ ਭੁੱਖੇ ਪਿਆਸੇ ਬੱਸਾਂ ਵਿਚ ਲੰਬਾ ਬੈਠਣਾ ਪੈਂਦਾ ਹੈ ਅਤੇ ਉਹ ਸਕੂਲ ਜਾਂ ਘਰ ਜਾਣ ਲਈ ਲੇਟ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ ਸਬੰਧੀ ਕੌਂਸਲਰ ਰਜੇਸ਼ ਸਿਸੋਦੀਆ, ਰਕੇਸ਼ ਕੁਮਾਰ ਬੱਗਾ ਤੇ ਕੌਂਸਲਰ ਸੁਖਜਿੰਦਰ ਸਿੰਘ ਕਾਕਾ, ਅਦਾਕਾਰ ਗੁਰਮੀਤ ਸਿੰਘ ਭੋਲਾ, ਰਸ਼ੀਦ ਖਾਨ, ਬਿੱਟੂ ਧੀਮਾਨ, ਕਰਮਜੀਤ ਸਿੰਘ, ਲੱਖੀ ਸ਼ਾਹ, ਮਜੀਦ ਮੋਨੂ ਖਾਨ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਸਰਪੰਚ ਦਵਿੰਦਰ ਸਿੰਘ ਮਝੈਲ, ਲਖਬੀਰ ਸਿੰਘ ਲੱਛਮਣਗੜ੍ਹ, ਜੱਸੀ ਧੀਮਾਨ, ਅਮਨਪ੍ਰੀਤ ਸਿੰਘ ਅਮਨਾ ਆਦਿ ਨੇ ਕਿਹਾ ਕਿ ਸ਼ਹਿਰ ’ਚੋਂ ਟ੍ਰੈਫਿਕ ਪੁਲਿਸ ਅਕਸਰ ਗਾਇਬ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੱਗਭੱਗ 35 ਹਜ਼ਾਰ ਦੀ ਆਬਾਦੀ ਵਾਲੇ ਮੋਰਿੰਡਾ ਸ਼ਹਿਰ ਵਿਚ ਘੱਟੋ-ਘੱਟ 10 ਟ੍ਰੈਫਿਕ ਕਰਮਚਾਰੀਆਂ ਦੀ ਲੋੜ ਹੈ ਪ੍ਰੰਤੂ ਸਿਰਫ 2 ਟ੍ਰੈਫਿਕ ਮੁਲਾਜ਼ਮ ਹੀ ਡਿਊਟੀ ’ਤੇ ਤੈਨਾਤ ਹੁੰਦੇ ਹਨ ਜੋ ਦੂਸਰੇ ਸ਼ਹਿਰਾਂ ਵਿਚ ਡਿਊਟੀ ਲੱਗਣ ਕਾਰਨ ਘੱਟ ਹੀ ਦਿਖਾਈ ਦਿੰਦੇ ਹਨ। ਉਨ੍ਹਾਂ ਡੀਸੀ ਅਤੇ ਐੱਸਐੱਸਪੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਮੋਰਿੰਡਾ ਵਿਖੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਸੰਖਿਆ ਵਧਾਈ ਜਾਵੇ ਅਤੇ ਹੋਰ ਸ਼ਹਿਰਾਂ ਵਿਚ ਨਾ ਭੇਜਿਆ ਜਾਵੇ ਤੇ ਪੱਕੇ ਤੌਰ ’ਤੇ ਡਿਊਟੀ ਮੋਰਿੰਡਾ ਵਿਖੇ ਹੀ ਲਗਾਈ ਜਾਵੇ ਤਾਂ ਕੇ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਟ੍ਰੈਫਿਕ ਜਾਮਾਂ ਤੋਂ ਰਾਹਤ ਮਿਲ ਸਕੇ।