ਮੋਰਿੰਡਾ ’ਚ ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ, ਨਗਰ ਕੌਂਸਲ ਚੁੱਪ
ਮੋਰਿੰਡਾ ’ਚ ਕੂੜੇ ਦੀ ਸਮੱਸਿਆ ਤੋਂ ਲੋਕ ਬੇਹੱਦ ਪਰੇਸ਼ਾਨ, ਨਗਰ ਕੌਂਸਲ ਚੁੱਪ
Publish Date: Sat, 07 Feb 2026 04:18 PM (IST)
Updated Date: Sat, 07 Feb 2026 04:20 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਵਿਖੇ ਕੂੜੇ ਦੀ ਸਮੱਸਿਆ ਪਿਛਲੇ ਲੱਗਭੱਗ 2 ਮਹੀਨੇ ਤੋਂ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਜਿਸ ਨਾਲ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਸ਼ਹਿਰ ਵਿਚ ਹਰ ਜਗ੍ਹਾ ਕੂੜੇ ਦੇ ਲੱਗੇ ਵੱਡੇ-ਵੱਡੇ ਢੇਰ ਨਗਰ ਕੌਂਸਲ ਦੇ ਈਓ ਅਤੇ ਹੋਰ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਅਧਿਕਾਰੀ ਸ਼ਹਿਰ ਦੀ ਇਸ ਗੰਭੀਰ ਸਮੱਸਿਆ ਦਾ ਹੱਲ੍ਹ ਕਰਨ ਦੇ ਸਮਰੱਥ ਨਹੀਂ ਤਾਂ ਨਗਰ ਕੌਂਸਲ ਨੂੰ ਅਜਿਹੇ ਅਧਿਕਾਰੀਆਂ ਨੂੰ ਸੇਵਾਵਾਂ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ। ਇਸ ਸਬੰਧੀ ਐੱਨਆਰਆਈ ਜੁਗਰਾਜ ਸਿੰਘ ਮਾਨਖੇੜੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਤੇ ਜਗਪਾਲ ਸਿੰਘ ਜੌਲੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਤੇ ਬਲਦੇਵ ਸਿੰਘ ਚੱਕਲ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸਵਰਨਕਾਰ ਸੰਘ ਦੇ ਆਗੂ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਖੱਤਰੀ ਸਭਾ ਦੇ ਪ੍ਰਧਾਨ ਗੋਲਡੀ ਪੁਰੀ, ਦੋਧੀ ਤੇ ਡੇਅਰੀ ਯੂਨੀਅਨ ਦੇ ਆਗੂ ਤਜਿੰਦਰ ਕੁਮਾਰ ਬਿੱਟੂ, ਸੁਮਨ ਗੁਪਤਾ, ਯੂਥ ਆਗੂ ਲੱਖੀ ਸ਼ਾਹ, ਮਜ਼ੀਦ ਮੋਨੂ ਖਾਨ, ਹਰਪ੍ਰੀਤ ਸਿੰਘ ਸੰਗਤਪੁਰਾ ਆਦਿ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਤੇ ਨਾਂਹਪੱਖੀ ਹੈ। ਉਨ੍ਹਾਂ ਕਿਹਾ ਕਿ ਈਓ ਰਵੀ ਜਿੰਦਲ ਲੱਖਾਂ ਰੁਪਏ ਤਨਖਾਹ ਤੇ ਹੋਰ ਭੱਤੇ ਤਾਂ ਨਗਰ ਕੌਂਸਲ ਮੋਰਿੰਡਾ ਤੋਂ ਲੈਂਦੇ ਹਨ ਪ੍ਰੰਤੂ ਉਹ ਆਪਣਾ ਜ਼ਿਆਦਾ ਸਮਾਂ ਨਗਰ ਪੰਚਾਇਤ ਘੜੂੰਆਂ ਵਿਚ ਗੁਜਾਰਦੇ ਹਨ। ਸਫਾਈ ਵਿਵਸਥਾ ਠੱਪ ਹੋਣ ਕਾਰਨ ਸ਼ਹਿਰ ਕਦੇ ਵੀ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਗੰਦਗੀ ਦੇ ਢੇਰਾਂ ’ਤੇ ਘੁੰਮਦੇ ਲਾਵਾਰਸ ਪਸ਼ੂ ਜਿੱਥੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਵਿਚ ਖੌਫ ਪੈਦਾ ਕਰਦੇ ਹਨ ਪ੍ਰੰਤੂ ਨਗਰ ਕੌਂਸਲ ਕਿਸੇ ਵੀ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਸ਼ਹਿਰ ਵਿਚ ਕੀਤੇ ਗਏ ਨਜਾਇਜ ਕਬਜਿਆਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਪ੍ਰਭਾਵਸ਼ਾਲੀ ਲੋਕ ਵੱਲੋਂ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਧੜੱਲੇ ਨਾਲ ਨਿਰਮਾਣ ਕਾਰਜ ਕਰਵਾ ਰਹੇ ਹਨ। ਇਸ ਨਾਲ ਨਗਰ ਕੌਂਸਲ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ, ਪ੍ਰੰਤੂ ਕੌਂਸਲ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕੰਮ ਆਨਲਾਈਨ ਹੋਣ ਕਾਰਨ ਕਿਸੇ ਵੀ ਸਟੇਸ਼ਨ ਤੋਂ ਬੈਠ ਕੇ ਕੀਤਾ ਜਾ ਸਕਦੇ ਹਨ ਤਾਂ ਫਿਰ ਈਓ ਜ਼ਿਆਦਾ ਸਮਾਂ ਘੜੂੰਆਂ ਹੀ ਕਿਉਂ ਬੈਠਦੇ ਹਨ। ਉਨ੍ਹਾਂ ਈਓ ਦੀ ਤੈਨਾਤੀ ਪੱਕੇ ਤੌਰ ’ਤੇ ਮੋਰਿੰਡਾ ਵਿਖੇ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਉਹ ਨਗਰ ਕੌਂਸਲ ਨਾਲ ਸਬੰਧਿਤ ਕੰਮ ਸਮੇਂ ਸਿਰ ਕਰਵਾ ਸਕਣ। ਇਸ ਸਬੰਧੀ ਈਓ ਰਵੀ ਜਿੰਦਲ ਨੇ ਨਗਰ ਕੌਂਸਲ ਮੋਰਿੰਡਾ ਵਿਖੇ ਪ੍ਰਭਾਵਿਤ ਹੋ ਰਹੇ ਕੰਮਾਂ ਬਾਰੇ ਕੋਈ ਉੱਤਰ ਨਹੀਂ ਦਿੱਤਾ।