ਸਵਰਾਜ ਟਰੈਕਟਰ ਖੋਹਣ ਵਾਲੇ ਗਿਰੋਹ ਦਾ ਮੁੱਖ ਦੋਸ਼ੀ ਕਾਬੂ
ਪੁਲਿਸ ਨੇ ਮੌਰਿੰਡਾ ਨੇੜੇ ਸਵਰਾਜ ਟਰੈਕਟਰ ਖੋਹਣ ਵਾਲੇ ਗ੍ਰੋਹ ਦਾ ਮੁੱਖ ਮੈਂਬਰ ਕੀਤਾ ਕਾਬੂ
Publish Date: Thu, 05 Feb 2026 06:15 PM (IST)
Updated Date: Thu, 05 Feb 2026 06:17 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਪੁਲਿਸ ਨੇ ਮੋਰਿੰਡਾ ਨੇੜੇ ਹੋਈ ਹਾਈਵੇਅ ਲੁੱਟ ਅਤੇ ਅਗਵਾ ਦੀ ਇੱਕ ਸਨਸਨੀਖੇਜ ਵਾਰਦਾਤ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਇੱਕ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਲੁੱਟਿਆ ਹੋਇਆ ਟਰੈਕਟਰ ਬਰਾਮਦ ਕਰ ਲਿਆ ਹੈ ਅਤੇ ਗਿਰੋਹ ਦੇ ਇੱਕ ਮੁੱਖ ਮੈਂਬਰ ਗੁਰਪ੍ਰੀਤ ਸਿੰਘ ਉਰਫ ਸੁੱਖਾ ਉਰਫ ਡਰੋਲ ਵਾਸੀ ਧੂਰਕੋਟ ਚੜਤ ਸਿੰਘ ਵਾਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ ਨੂੰ ਕਾਬੂ ਕੀਤਾ ਹੈ ਅਤੇ ਦੋ ਹੋਰ ਸਾਥੀਆਂ ਦੀ ਰਸਮੀ ਤੌਰ ਤੇ ਪਛਾਣ ਕਰ ਲਈ ਗਈ ਹੈ, ਜੋ ਇਸ ਵੇਲੇ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਉਕਤ ਜਾਣਕਾਰੀ ਦਿੰਦਿਆ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬਧੀ ਥਾਣਾ ਮੋਰਿੰਡਾ ਵਿਖੇ (ਬੀਐਨਐਸ) 2023 ਦੀਆਂ ਧਰਾਵਾਂ 310 (2) (ਲੁੱਟ ਖੋਹ), 140(3) (ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਅਗਵਾ), 126(2) (ਗਲਤ ਤਰੀਕੇ ਨਾਲ ਰੋਕਣਾ) ਅਤੇ 304 (ਖੋਹ) ਤਹਿਤ ਮੁਕੱਦਮਾ ਨੰਬਰ 09/2026 ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੋਰਿੰਡਾ ਸਦਰ ਪੁਲਿਸ ਨੂੰ ਸੁਦਾਮ ਹੁਸੈਨ ਪੁੱਤਰ ਗੁਲਰਾਜ ਮੁਹੰਮਦ ਨਿਵਾਸੀ ਸ਼ੀਤਲਪੁਰ , ਥਾਣਾ ਬੱਦੀ ,ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨੇ ਦੱਸਿਆ ਸੀ ਕਿ ਕਿ 31 ਜਨਵਰੀ ਨੂੰ ਸਵੇਰੇ ਜਦੋ ਉਹ ਠੇਕੇਦਾਰ ਖੁਸ਼ੀ ਵਾਸੀ ਪਿੰਡ ਢੰਗਰਾਲੀ ,ਥਾਣਾ ਸਦਰ ਮੋਰਿੰਡਾ ਦੀ ਪਰਾਲੀ , ਪਿੰਡ ਲੁਠੇੜੀ ਤੋਂ ਗੱਤਾ ਫੈਕਟਰੀ ਤੱਕ ਲਿਜਾਣ ਲਈ ਆਇਆ ਸੀ ਅਤੇ ਜਦੋਂ ਉਹ ਕੁਰਾਲੀ ਮੋਰਿੰਡਾ ਸੜ੍ਹਕ ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੰਪ ਨੇੜੇ ਪੁੱਜਾ ਤਾਂ ਉਸ ਦੇ ਪਿੱਛੋਂ ਆਈ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਇਕਦਮ ਉਸ ਦੇ ਟਰੈਕਟਰ ਅੱਗੇ ਆ ਕੇ ਰੁਕ ਗਈ। ਜਿਸ ਕਾਰਨ ਉਸ ਨੂੰ ਵੀ ਆਪਣਾ ਆਪਣਾ ਟਰੈਕਟਰ ਰੋਕਣਾ ਪਿਆ ਤਾਂ ਕਾਰ ਵਿੱਚੋਂ ਇੱਕ ਵਿਅਕਤੀ ਨੇ ਉਸ ਨੂੰ ਆਵਾਜ਼ ਦੇ ਕੇ ਕਿਹਾ ਕਿ ਉਹ ਪਿੱਛੇ ਕਿਸੇ ਲੜਕੀ ਦਾ ਐਕਸੀਡੈਂਟ ਕਰਕੇ ਭੱਜ ਆਇਆ ਹੈ, ਇਸ ਲਈ ਉਸ ਨੂੰ ਉਨ੍ਹਾਂ (ਕਾਰ ਸਵਾਰਾਂ) ਦੇ ਨਾਲ ਜਾਣਾ ਪਵੇਗਾ। ਸਦਾਮ ਹੁਸੈਨ ਨੇ ਪੁਲਿਸ ਨੂੰ ਦੱਸਿਆ ਕਿ ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਕਾਰ ਵਿੱਚੋਂ ਬਾਹਰ ਆ ਕੇ ਉਸ ਨੂੰ ਟਰੈਕਟਰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ , ਪਰੰਤੂ ਜਦੋਂ ਉਸ ਨੇ ਟਰੈਕਟਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਹ ਨੌਜਵਾਨ ਪਿਸਤੌਲ ਨੁਮਾ ਮਾਰੂ ਹਥਿਆਰਾਂ ਨਾਲ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ ਅਤੇ ਇਨ੍ਹਾਂ ਵਿੱਚੋਂ ਦੋ ਨੌਜਵਾਨ ਉਸ ਕੋਲੋਂ ਜ਼ਬਰਦਸਤੀ ਟਰੈਕਟਰ ਖੋਹ ਕੇ ਮੋਰਿੰਡਾ ਸ਼ਹਿਰ ਵੱਲ ਲੈ ਗਏ ਜਦਕਿ ਕਾਰ ਸਵਾਰ ਦੋ ਨੌਜਵਾਨ ਉਸ ਨੂੰ ਧੱਕੇ ਨਾਲ ਕਾਰ ਵਿਚ ਸੁੱਟ ਕੇ ਅਗਵਾ ਕਰਕੇ ਆਪਣੇ ਨਾਲ ਮੋਰਿੰਡਾ ਵੱਲ ਲੈ ਗਏ।