ਏਟੀਐੱਮ ਤੋੜਨ ਦੀ ਕੋਸ਼ਿਸ਼ ਇੱਕ ਖ਼ਿਲਾਫ ਮਾਮਲਾ ਦਰਜ
ਏਟੀਐੱਮ ਨੂੰ ਤੋੜਨ ਦੀ ਕੋਸ਼ਿਸ਼, ਇੱਕ ਵਿਅਕਤੀ ਖਿਲਾਫ ਮਾਮਲਾ ਦਰਜ
Publish Date: Thu, 05 Feb 2026 04:39 PM (IST)
Updated Date: Thu, 05 Feb 2026 04:41 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਬੱਸ ਸਟੈਂਡ ਦੇ ਨੇੜੇ ਭੀੜਭਾੜ ਵਾਲੇ ਇਲਾਕੇ ਵਿਚ ਸਥਿਤ ਬੈਂਕ ਆਫ ਇੰਡੀਆ ਮੋਰਿੰਡਾ ਸ਼ਾਖਾ ਦੇ ਏਟੀਐੱਮ ਨਾਲ ਛੇੜਛਾੜ ਕਰਕੇ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਦਿਹਾੜੀ ਮਜ਼ਦੂਰ ਵੱਲੋਂ ਛੇੜਛਾੜ ਦੀ ਸੂਚਨਾ ਬੈਂਕ ਪ੍ਰਬੰਧਕਾਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸ਼ਾਖਾ ਪ੍ਰਬੰਧਕਾਂ ਨੇ ਤੁਰੰਤ ਮੋਰਿੰਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਪੁਲਿਸ ਥਾਣਾ ਸਿਟੀ ਮੋਰਿੰਡਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਬੀਓਆਈ, ਮੋਰਿੰਡਾ ਸ਼ਾਖਾ ਦੀ ਮੈਨੇਜਰ ਮੋਨਿਕਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਆਨਸਾਈਟ ਏਟੀਐੱਮ ਨਾਲ ਛੇੜਛਾੜ ਦੀ ਸੂਚਨਾ ਮਿਲਦੇ ਹੀ ਬੈਂਕ ਦੇ ਸੁਰੱਖਿਆ ਵਿਭਾਗ ਨੂੰ ਸੂਚਿਤ ਕਰ ਕੇ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਏਟੀਐੱਮ ਮਸ਼ੀਨ ਦਾ ਬਾਹਰੀ ਕਵਰ ਟੁੱਟਿਆ ਹੋਇਆ ਪਾਇਆ ਗਿਆ ਪ੍ਰੰਤੂ ਅਰੋਪੀ ਏਟੀਐੱਮ ਨੂੰ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਏਟੀਐਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕੈਸ਼ ਡਿਪਾਜ਼ਿਟ ਮਸ਼ੀਨ (ਸੀਡੀਐੱਮ) ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਐੱਸਐੱਚਓ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਅਣਪਛਾਤੇ ਦੋਸ਼ੀਆਂ ਖਿਲਾਫ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਏਐੱਸਆਈ ਮਨਜੀਤ ਸਿੰਘ, ਅੰਗਰੇਜ ਸਿੰਘ ਅਤੇ ਹਵਲਦਾਰ ਪ੍ਰਿਤਪਾਲ ਸਿੰਘ ਦੀ ਪੁਲਿਸ ਟੀਮ ਵੱਲੋਂ ਪਿੰਡ ਚਤਾਮਲਾ ਨਿਵਾਸੀ ਹਰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ।