ਗੋਦਾਮ ’ਚੋਂ ਧੱਕੇ ਨਾਲ ਸਿਲੰਡਰ ਲਿਜਾਣ ਵਾਲਿਆਂ ’ਤੇ ਮੁਕੱਦਮਾ ਦਰਜ
ਗੋਦਾਮ ,'ਚੋਂ ਧੱਕੇ ਨਾਲ ਦੋ ਭਰੇ ਗੈਸ ਸਲੰਡਰ ਲਿਜਾਣ ਵਾਲਿਆਂ ਖ਼ਿਲਾਫ ਮੁਕੱਦਮਾ ਦਰਜ
Publish Date: Wed, 04 Feb 2026 05:14 PM (IST)
Updated Date: Wed, 04 Feb 2026 05:17 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ,ਮੋਰਿੰਡਾ: ਮੋਰਿੰਡਾ ਪੁਲਿਸ ਨੇ ਸ਼ਹਿਰ ਦੀ ਇੱਕ ਗੈਸ ਏਜੰਸੀ ਦੇ ਮਾਲਕ ਵੱਲੋਂ ਕੀਤੀ ਸ਼ਿਕਾਇਤ ਤੇ ਉਨ੍ਹਾਂ ਦੇ ਪਿੰਡ ਡੂਮਛੇੜੀ ਸਥਿਤ ਗੋਦਾਮ ਵਿੱਚੋਂ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਸਮੇਤ ਧੱਕੇ ਨਾਲ ਦੋ ਭਰੇ ਹੋਏ ਗੈਸ ਸਲੰਡਰ ਲਿਜਾਣ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਸਨਰਾਈਜ ਇੰਡੇਨ ਗੈਸ ਏਜੰਸੀ ਮੋਰਿੰਡਾ ਦੇ ਮਾਲਕ ਗੁਰਦੀਪ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਇਸ ਗੈਸ ਏਜੰਸੀ ਦਾ ਗੋਦਾਮ ਮੋਰਿੰਡਾ-ਸਰਹੰਦ ਰੋਡ ਤੇ ਪਿੰਡ ਡੂਮਛੇੜੀ ਵਿਖੇ ਬਣਿਆ ਹੋਇਆ ਹੈ। ਜਿੱਥੋਂ ਉਨ੍ਹਾਂ ਦੇ ਵਰਕਰ ਵੱਖ ਵੱਖ ਪਿੰਡਾਂ ਦੇ ਘਰਾਂ ਵਿਚ ਗੈਸ ਸਪਲਾਈ ਕਰਨ ਲਈ ਗੈਸ ਸਿਲੰਡਰ ਗੱਡੀਆਂ ਵਿਚ ਲੋਡ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗੋਦਾਮ ਕੀਪਰ ਗੁਰਧੀਰ ਸਿੰਘ ਵਾਸੀ ਉੱਚਾ ਪਿੰਡ ਨੇ ਫੋਨ ਰਾਹੀਂ ਦੱਸਿਆ ਕਿ ਪਿੰਡ ਡੂਮਛੇੜੀ ਦਾ ਇਕਬਾਲ ਸਿੰਘ ਤੇ ਸਾਥੀ ਸਮੇਤ ਧੱਕੇ ਨਾਲ ਗੋਦਾਮ ਦੇ ਅੰਦਰ ਦਾਖਲ ਹੋ ਕੇ 2 ਭਰੇ ਹੋਏ ਗੈਸ ਸਲੰਡਰ ਚੁੱਕ ਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਗੋਦਾਮ ਅੰਦਰ ਗੋਦਾਮ ਕੀਪਰ ਗੁਰਧੀਰ ਸਿੰਘ ਤੋਂ ਬਿਨਾਂ ਡਲਿਵਰੀਮੈਨ ਮਨਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵੀ ਹਾਜ਼ਰ ਸਨ। ਜਿਨ੍ਹਾਂ ਵੱਲੋਂ ਇਕਬਾਲ ਸਿੰਘ ਤੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਫਿਰ ਵੀ ਉਹ ਸਿਲੰਡਰ ਚੁੱਕ ਕੇ ਲੈ ਗਏ। ਗੁਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਇਕ ਵਿੱਤੀ ਸਾਲ ਵਿਚ ਇੱਕ ਖਪਤਕਾਰ ਨੂੰ ਪ੍ਰਤੀ ਕਾਪੀ 15 ਸਲੰਡਰ ਦਿੱਤੇ ਜਾਂਦੇ ਹਨ ਅਤੇ ਇਕਬਾਲ ਸਿੰਘ ਦਾ ਕੋਟਾ ਦਸੰਬਰ 2025 ਵਿਚ ਖਤਮ ਹੋ ਚੁੱਕਾ ਹੈ। ਐਸਐਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਦੇ ਅਧਾਰ ਤੇ ਇਕਬਾਲ ਸਿੰਘ ਤੇ ਦੋ ਅਣਪਛਾਤਿਆਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।