ਲੜਕੀ ਨਾਲ ਦੋਸਤੀ ਪਈ ਮਹਿੰਗੀ, ਹਮਲੇ ’ਚ ਜ਼ਖ਼ਮੀ
ਇੰਸਟਾਗਰਾਮ ’ਤੇ ਲੜਕੀ ਨਾਲ ਦੋਸਤੀ ਪਈ ਮਹਿੰਗੀ, ਹਮਲੇ ’ਚ 1 ਗੰਭੀਰ ਜ਼ਖਮੀ
Publish Date: Wed, 04 Feb 2026 04:53 PM (IST)
Updated Date: Wed, 04 Feb 2026 04:56 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਨੌਜਵਾਨ ਨੂੰ ਇੰਸਟਾਗਰਾਮ ’ਤੇ ਇੱਕ ਲੜਕੀ ਨਾਲ ਕੀਤੀ ਦੋਸਤੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਇਹ ਨੌਜਵਾਨ ਲੜਕੀ ਨੂੰ ਮਿਲਣ ਲਈ ਮੋਰਿੰਡਾ ਦੀ ਜੌਲੀ ਮਾਰਕੀਟ ਵਿਖੇ ਪਹੁੰਚਿਆ। ਉਕਤ ਨੌਜਵਾਨ ਨੂੰ ਚਾਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਨੂੰ ਜੀਐੱਮਸੀਐੱਚ, ਸੈਕਟਰ-32 ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ ਜੋ ਕਿ ਜੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਖੰਨਾ ਰੋਡ, ਅਮਲੋਹ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇੰਸਟਾਗਰਾਮ ’ਤੇ ਇੱਕ ਲੜਕੀ ਵੱਲੋਂ ਦੋਸਤੀ ਲਈ ਰਿਕੁਐਸਟ ਕੀਤੀ ਗਈ ਸੀ, ਜਿਸ ਨੂੰ ਉਸ ਵੱਲੋਂ ਪ੍ਰਵਾਨ ਕਰਨ ਉਪਰੰਤ ਉਹ ਇੱਕ ਦੂਜੇ ਨੂੰ ਹਰ ਰੋਜ਼ ਮੈਸੇਜ ਅਤੇ ਗੱਲਬਾਤ ਕਰਨ ਲੱਗ ਪਏ। ਉਸ ਨੇ ਦੱਸਿਆ ਕਿ 30 ਜਨਵਰੀ ਨੂੰ ਇਸ ਲੜਕੀ ਵੱਲੋਂ ਉਸ ਨੂੰ ਮਿਲਣ ਲਈ ਜੌਲੀ ਮਾਰਕੀਟ ਮੋਰਿੰਡਾ ਵਿਖੇ ਸੱਦਿਆ ਗਿਆ ਅਤੇ ਉਹ ਆਪਣੇ ਮੋਟਰਸਾਈਕਲ (ਪੀਬੀ 23-ਐੱਨ 3741) ’ਤੇ ਅਮਲੋਹ ਤੋਂ ਮੋਰਿੰਡਾ ਆਇਆ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਲੋਕੇਸ਼ਨ ਸਬੰਧੀ ਵੀਡੀਓ ਬਣਾ ਕੇ ਲੜਕੀ ਨੂੰ ਭੇਜੀ ਗਈ ਪ੍ਰੰਤੂ ਉਹ ਲੜਕੀ ਖੁਦ ਨਹੀਂ ਆਈ, ਸਗੋਂ ਇੱਕ ਆਲਟੋ ਕਾਰ (ਪੀਬੀ- 31 ਪੀ 1666) ਵਿਚ ਮੂੰਹ ਢੱਕ ਕੇ ਆਏ ਚਾਰ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣੀ ਕਾਰ ਲਗਾ ਕੇ ਉਸ ਨੂੰ ਰੋਕ ਲਿਆ। ਇਨ੍ਹਾਂ ਕਾਰ ਸਵਾਰ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੇ ਉਪਰੰਤ ਸਥਾਨਕ ਵਾਸੀਆਂ ਨੇ ਉਸ ਨੂੰ ਜੌਲੀ ਮਾਰਕੀਟ ਵਿਚ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਇੱਥੇ ਡਾਕਟਰਾਂ ਵੱਲੋਂ ਉਸ ਦੇ ਸਿਰ, ਅੱਖ ਦੇ ਨੇੜੇ ਅਤੇ ਮੋਢੇ ’ਤੇ ਟਾਂਕੇ ਲਗਾ ਕੇ ਉਸ ਨੂੰ ਜੀਐੱਮਸੀਐੱਚ, ਸੈਕਟਰ-32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਪੀੜਤ ਵੱਲੋਂ ਪੁਲਿਸ ਨੂੰ ਹਮਲਾਵਰਾਂ ਦੇ ਨਾਮ ਰਾਹੁਲ ਪੁੱਤਰ ਬਲਜੀਤ ਸਿੰਘ ਵਾਸੀ ਬਾਜ਼ੀਗਰ ਮੁਹੱਲਾ, ਸੰਜੇ ਪੁੱਤਰ ਰਣਧੀਰ ਸਿੰਘ ਵਾਸੀ ਨੇੜੇ ਪੀਡਬਲਿਊਡੀ ਰੈਸਟ ਹਾਊਸ, ਕਰਨ ਵਾਸੀ ਨੇੜੇ ਪੁਰਾਣਾ ਡਾਕਖਾਨਾ ਸਾਰੇ ਵਾਸੀ ਮੋਰਿੰਡਾ ਅਤੇ ਇੱਕ ਹੋਰ ਅਣਪਛਾਤਾ ਆਦਿ ਦੱਸੇ ਗਏ ਹਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨ ਦੇ ਅਧਾਰ ’ਤੇ ਉਕਤ ਹਮਲਾਵਰਾਂ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।