ਲੁਟੇਰਿਆਂ ਵੱਲੋਂ ਪਿੰਡ ਢੰਗਰਾਲੀ ਨੇੜੇ ਖੋਹਿਆ ਨਵਾਂ ਟਰੈਕਟਰ, ਮਾਮਲਾ ਦਰਜ
ਲੁਟੇਰਿਆਂ ਵੱਲੋਂ ਪਿੰਡ ਢੰਗਰਾਲੀ ਨੇੜੇ ਖੋਹਿਆ ਨਵਾਂ ਟਰੈਕਟਰ, ਮਾਮਲਾ ਦਰਜ
Publish Date: Mon, 02 Feb 2026 06:06 PM (IST)
Updated Date: Mon, 02 Feb 2026 06:07 PM (IST)

-ਟਰੈਕਟਰ ਚਾਲਕ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਉਪਰੰਤ ਅਣ ਦੱਸੀ ਥਾਂ ਤੇ ਸੁੱਟਕੇ ਹੋਏ ਫਰਾਰ ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਇਲਾਕੇ ਵਿਚ ਲੁਟੇਰਿਆਂ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਮੋਰਿੰਡਾ ਕੁਰਾਲੀ ਸੜ੍ਹਕ ਤੇ ਪਿੰਡ ਢੰਗਰਾਲੀ ਨੇੜੇ ਸਥਿਤ ਇੱਕ ਪੈਟਰੋਲ ਪੰਪ ਕੋਲੋਂ ਇੱਕ ਨਵਾਂ ਟਰੈਕਟਰ ਖੋਹਣ ਉਪਰੰਤ ਟਰੈਕਟਰ ਚਾਲਕ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੁਰਾਲੀ ਰੋਪੜ ਸੜ੍ਹਕ ਤੇ ਸੁੱਟ ਜਾਣ ਉਪਰੰਤ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਰਿੰਡਾ ਸਦਰ ਪੁਲਿਸ ਵੱਲੋਂ ਬਕਾਇਦਾ ਮਾਮਲਾ ਦਰਜ ਕਰਕੇ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੋਰਿੰਡਾ ਸਦਰ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਸੁਦਾਮ ਹੁਸੈਨ ਪੁੱਤਰ ਗੁਲਰਾਜ ਮੁਹੰਮਦ ਨਿਵਾਸੀ ਸ਼ੀਤਲਪੁਰ , ਥਾਣਾ ਬੱਦੀ ,ਜ਼ਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਨੇ ਸਤੰਬਰ 2025 ਵਿਚ ਨਵਾਂ ਸਵਰਾਜ ਮਾਜਦਾ 855 ਟਰੈਕਟਰ ਖਰੀਦਿਆ ਸੀ। ਜਿਸ ਰਾਹੀਂ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਠੇਕੇਦਾਰਾਂ ਵੱਲੋਂ ਖਰੀਦੀ ਹੋਈ ਝੋਨੇ ਦੀ ਪਰਾਲੀ ਨੂੰ ਕਿਰਾਏ ਪਰ ਲੈ ਕੇ ਬਰੋਟੀਵਾਲਾ, ਨੇੜੇ ਬੱਦੀ ਵਿਚ ਸਥਿਤ ਗੱਤੇ ਦੀ ਫੈਕਟਰੀ ਵਿਚ ਲੈ ਕੇ ਜਾਂਦਾ ਹੈ । ਉਨ੍ਹਾਂ ਪੁਲਿਸ ਨੂੰ ਦੱਸਿਆ ਕਿ 31 ਜਨਵਰੀ ਨੂੰ ਸਵੇਰੇ ਜਦੋ ਉਹ ਠੇਕੇਦਾਰ ਖੁਸ਼ੀ ਵਾਸੀ ਪਿੰਡ ਢੰਗਰਾਲੀ ,ਥਾਣਾ ਸਦਰ ਮੋਰਿੰਡਾ ਦੀ ਪਰਾਲੀ , ਪਿੰਡ ਲੁਠੇੜੀ ਤੋਂ ਗੱਤਾ ਫੈਕਟਰੀ ਤੱਕ ਲਿਜਾਣ ਲਈ ਆਇਆ ਸੀ ਅਤੇ ਜਦੋਂ ਉਹ ਕੁਰਾਲੀ ਮੋਰਿੰਡਾ ਸੜ੍ਹਕ ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੰਪ ਨੇੜੇ ਪੁੱਜਾ ਤਾਂ ਉਸ ਦੇ ਪਿੱਛੋਂ ਆਈ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਇਕਦਮ ਉਸ ਦੇ ਟਰੈਕਟਰ ਅੱਗੇ ਆ ਕੇ ਰੁਕ ਗਈ। ਜਿਸ ਕਾਰਨ ਉਸ ਨੂੰ ਵੀ ਆਪਣਾ ਆਪਣਾ ਟਰੈਕਟਰ ਰੋਕਣਾ ਪਿਆ ਤਾਂ ਕਾਰ ਵਿੱਚੋਂ ਇੱਕ ਵਿਅਕਤੀ ਨੇ ਉਸ ਨੂੰ ਆਵਾਜ਼ ਦੇ ਕੇ ਕਿਹਾ ਕਿ ਉਹ ਪਿੱਛੇ ਕਿਸੇ ਲੜਕੀ ਦਾ ਐਕਸੀਡੈਂਟ ਕਰਕੇ ਭੱਜ ਆਇਆ ਹੈ, ਇਸ ਲਈ ਉਸ ਨੂੰ ਉਨ੍ਹਾਂ (ਕਾਰ ਸਵਾਰਾਂ) ਦੇ ਨਾਲ ਜਾਣਾ ਪਵੇਗਾ। ਸਦਾਮ ਹੁਸੈਨ ਨੇ ਪੁਲਿਸ ਨੂੰ ਦੱਸਿਆ ਕਿ ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਕਾਰ ਵਿੱਚੋਂ ਬਾਹਰ ਆ ਕੇ ਉਸ ਨੂੰ ਟਰੈਕਟਰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ , ਪਰੰਤੂ ਜਦੋਂ ਉਸ ਨੇ ਟਰੈਕਟਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਹ ਨੌਜਵਾਨ ਪਿਸਤੌਲ ਨੁਮਾ ਮਾਰੂ ਹਥਿਆਰਾਂ ਨਾਲ ਉਸ ਨੂੰ ਡਰਾਉਣ ਧਮਕਾਉਣ ਲੱਗ ਪਏ ਅਤੇ ਇਨ੍ਹਾਂ ਵਿੱਚੋਂ ਦੋ ਨੌਜਵਾਨ ਉਸ ਕੋਲੋਂ ਜ਼ਬਰਦਸਤੀ ਟਰੈਕਟਰ ਖੋਹ ਕੇ ਮੋਰਿੰਡਾ ਸ਼ਹਿਰ ਵੱਲ ਲੈ ਗਏ ਜਦਕਿ ਕਾਰ ਸਵਾਰ ਦੋ ਨੌਜਵਾਨ ਉਸ ਨੂੰ ਧੱਕੇ ਨਾਲ ਕਾਰ ਵਿਚ ਸੁੱਟ ਕੇ ਅਗਵਾ ਕਰਕੇ ਆਪਣੇ ਨਾਲ ਮੋਰਿੰਡਾ ਵੱਲ ਲੈ ਗਏ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦੇਰ ਬਾਅਦ ਉਸ ਨੂੰ ਇੱਕ ਲਾਈਟ ਦੀ ਰੋਸ਼ਨੀ ਦਿਖਾਈ ਦਿੱਤੀ ਅਤੇ ਉਹ ਕਿਸੇ ਤਰ੍ਹਾਂ ਜਦੋਂ ਰੋਸ਼ਨੀ ਵੱਲ ਗਿਆ ਤਾਂ ਇਹ ਰੋਸ਼ਨੀ ਕੁਰਾਲੀ ਰੂਪਨਗਰ ਸੜਕ ਤੇ ਸਥਿਤ ਸ਼ੇਰੇ ਪੰਜਾਬ ਢਾਬੇ ਦੀ ਸੀ, ਜਿੱਥੇ ਮੌਜੂਦ ਇੱਕ ਵਿਅਕਤੀ ਨੇ ਉਸ ਦੇ ਬੰਨੀ ਹੋਈ ਟੇਪ ਉਤਾਰੀ , ਜਿਸ ਨੂੰ ਉਸ ਨੇ ਸਾਰੀ ਗੱਲਬਾਤ ਦੱਸੀ ਅਤੇ ਫਿਰ ਉਸੇ ਵਿਅਕਤੀ ਤੋਂ ਮੋਬਾਈਲ ਫੋਨ ਲੈ ਕੇ , ਉਸ ਨੇ ਆਪਣੇ ਮਾਮਾ ਸੁਲੇਮਾਨ ਨੂੰ ਫੋਨ ਰਾਹੀਂ ਆਪ ਬੀਤੀ ਦੱਸੀ , ਜਿਸ ਉਪਰੰਤ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਸ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਟਰੈਕਟਰ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਪ੍ਰੰਤੂ ਉਨ੍ਹਾਂ ਨੂੰ ਟਰੈਕਟਰ ਅਤੇ ਦੋਸ਼ੀਆਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਥਾਣਾ ਸਦਰ ਪੁਲੀਸ ਮੋਰਿੰਡਾ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਦੱਸਿਆ ਕਿ ਸਦਾਮ ਹੁਸੈਨ ਦੇ ਬਿਆਨ ਦੇ ਅਧਾਰ :ਤੇ ਪੰਜ ਅਣਪਛਾਤੇ ਨੌਜਵਾਨਾਂ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।