ਇੱਕ ਰਾਤ ’ਚ 15 ਤੋਂ ਵੱਧ ਮੋਟਰਾਂ ਦੀਆਂ ਤਾਰਾ ਚੋਰੀ
ਇੱਕ ਰਾਤ ’ਚ 15 ਤੋਂ ਵੱਧ ਮੋਟਰਾਂ ਦੀਆਂ ਤਾਰਾ ਚੋਰੀ
Publish Date: Sat, 31 Jan 2026 06:31 PM (IST)
Updated Date: Sat, 31 Jan 2026 06:34 PM (IST)

ਗੁਰਮੁੱਖ ਸਿੰਘ ਸਲਾਹਪੁਰ, ਪੰਜਾਬੀ ਜਾਗਰਣ ਬੇਲਾ: ਪਿੰਡ ਜਟਾਣਾ ਅਤੇ ਭੈਰੋਮਾਜਰਾ ਵਿਖੇ ਕਿਸਾਨਾਂ ਦੇ ਖੇਤਾਂ ਵਿਚੋਂ ਬੀਤੀ ਰਾਤ ਚੋਰਾਂ ਨੇ 15 ਤੋਂ ਵੱਧ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਨਾਲ ਕਿਸਾਨਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਜਟਾਣਾ ਅਤੇ ਭੈਰੋਮਾਜਰਾ ਪਿੰਡਾਂ ਦੇ ਕਿਸਾਨਾਂ ਦੀਆਂ ਪਿੰਡ ਜਟਾਣਾ ਤੋਂ ਭੈਰੋਂਮਾਜਰਾ ਨੂੰ ਜਾਂਦੀ ਸੜਕ ’ਤੇ ਪੈਂਦੀਆਂ ਸਾਰੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦਾ ਉਨ੍ਹਾਂ ਨੂੰ ਦੂਜੇ ਦਿਨ ਖੇਤਾਂ ਵਿਚ ਜਾਣ ’ਤੇ ਪਤਾ ਲੱਗਾ। ਇਸ ਦੌਰਾਨ ਜਦੋਂ ਕਿਸਾਨਾਂ ਨੇ ਇੱਕ-ਦੂਜੇ ਨੂੰ ਆਪਣੀਆਂ ਮੋਟਰਾਂ ਦੇਖਣ ਲਈ ਕਿਹਾ ਤਾਂ ਪਤਾ ਲੱਗਾ ਕਿ ਉਕਤ ਮਾਰਗ ’ਤੇ ਪੈਂਦੀਆਂ ਸਾਰਿਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ। ਇਸ ਮੌਕੇ ਇਲਾਕਾ ਵਾਸੀਆਂ ਨੇ ਨੇ ਦੱਸਿਆ ਕਿ ਪਹਿਲਾਂ ਵੀ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮ, ਮੋਟਰਾਂ, ਇੰਜਣ, ਪਾਣੀ ਵਾਲੇ ਪੱਖੇ ਆਦਿ ਚੋਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਚੋਰਾਂ ਨੂੰ ਜਲਦੀ ਕਾਬੂ ਕਰਨ ਦੇ ਦਾਅਵੇ ਤਾਂ ਵਧੇਰੇ ਕੀਤੇ ਜਾਂਦੇ ਹਨ ਪ੍ਰੰਤੂ ਪੁਲਿਸ ਹੁਣ ਤੱਕ ਚੋਰਾਂ ਨੂੰ ਕਾਬੂ ਕਰਨ ’ਚ ਨਾਕਾਮ ਹੀ ਰਹੀ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਚੌਂਕੀ ਬੇਲਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਤੋਂ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।