ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੀ ਰੋਸ ਰੈਲੀ
ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੀ ਰੋਸ ਰੈਲੀ
Publish Date: Sat, 31 Jan 2026 04:46 PM (IST)
Updated Date: Sat, 31 Jan 2026 04:49 PM (IST)

ਪੁਸ਼ਵਿੰਦਰ ਗੋਲੀਆ,ਪੰਜਾਬੀ ਜਾਗਰਣ ਘਨੌਲੀ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਘਨੌਲੀ ਵਿਖੇ ਪਾਵਰ ਸੈਕਟਰ ਨਾਲ ਸਬੰਧਤ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਨਾਲ ਸਬੰਧਿਤ ਜੱਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਰੋਸ ਧਰਨਾ ਲਗਾਇਆ ਗਿਆ। ਇਹ ਰੋਸ ਧਰਨਾ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ, ਬਿਜਲੀ ਸੋਧ ਬਿੱਲ-2025 ਰੱਦ ਕਰਵਾਉਣ ਅਤੇ ਸਟੇਟ ਸੈਕਟਰ ਅਧੀਨ 800 ਮੈਗਾਵਾਟ ਸਮਰੱਥਾ ਦੇ 2 ਨੰ: ਅਤਿ ਆਧੁਨਿਕ ਤਕਨੀਕ ਦੇ ਰੂਪਨਗਰ ਵਿਖੇ ਥਰਮਲ ਪਲਾਂਟ ਲਗਾਉਣ ਦੀ ਮੰਗ ਅਤੇ ਅਗਲੇ ਸੂਬਾ ਪੱਧਰੀ ਐਕਸ਼ਨਾਂ ਵਿਚ ਥਰਮਲ ਅਤੇ ਹਾਈਡਲ ਪ੍ਰੋਜੈਕਟਾਂ ਵਿਖੇ ਤੈਨਾਤ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਭਾਰੀ ਸ਼ਮੂਲੀਅਤ ਕਰਵਾਉਣ ਲਈ ਲਾਮਬੰੰਦੀ ਵੱੱਜੋਂ ਲਗਾਇਆ ਗਿਆ। ਇਸ ਮੌਕੇ ਜਨਰਲ ਸਕੱਤਰ ਇੰਜੀਨੀਅਰਜ਼ ਐਸੋਸੀਏਸ਼ਨ ਤੇ ਸਕੱਤਰ ਸਾਂਝੀ ਐਕਸ਼ਨ ਕਮੇਟੀ ਇੰਜੀ.ਅਜੇਪਾਲ ਸਿੰਘ ਅਟਵਾਲ, ਮੀਤ ਪ੍ਰਧਾਨ ਇੰਜ.ਰਵਿੰਦਰ ਖੰਨਾ, ਖੇਤਰੀ ਸਕੱਤਰ ਇੰਜ.ਪਰਮਿੰਦਰ ਸਿੰਘ, ਇੰਜ.ਵਿਵੇਕ ਠਾਕੁਰ, ਜੇਈਜ਼ ਕੌਂਸਲ ਵੱਲੋਂ ਸਰਪ੍ਰਸਤ ਇੰਜ.ਦਵਿੰਦਰ ਸਿੰਘ, ਜ਼ੋਨਲ ਪ੍ਰਧਾਨ ਇੰਜ.ਕੁਲਵਿੰਦਰ ਸਿੰਘ ਝੱਜ ਆਦਿ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਵਰਕੌਮ ਦੀਆਂ ਕੀਮਤੀ ਜ਼ਮੀਨਾਂ ਨੂੰ ਵਿਸ਼ੇਸ਼ ਸਰਕਾਰੀ ਸਕੀਮ ਅਧੀਨ ਲਿਆ ਕੇ ਵੇਚਣ ਦੀ ਯੋਜਨਾ ਬਣਾ ਰਹੀ ਹੈ ਜੋ ਕਿ ਬਹੁਤ ਹੀ ਗਲਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਭੂਮੀ ਗ੍ਰਹਿਣ ਐਕਟ-1894 ਦੇ ਤਹਿਤ ਲੋਕ ਭਲਾਈ ਲਈ ਖਰੀਦੀਆਂ ਇਨ੍ਹਾਂ ਜ਼ਮੀਨਾਂ ਨੂੰ ਪਾਵਰਕੌਮ ਮੁਲਾਜ਼ਮ ਅਤੇ ਸੂਬੇ ਦੇ ਲੋਕ ਕਿਸੇ ਵੀ ਸੂਰਤ ਵਿੱਚ ਵਿਕਣ ਨਹੀਂ ਦੇਣਗੇ। ਉਨ੍ਹਾਂ ਕਿਹਾ ਇਨ੍ਹਾਂ ਜ਼ਮੀਨਾਂ ਦੀ ਵਰਤੋਂ ਨਵੇਂ ਸਬ ਸਟੇਸ਼ਨਾਂ ਦੀ ਉਸਾਰੀ ਅਤੇ ਬਿਜਲੀ ਨਾਲ ਸਬੰਧਤ ਕੰਮਾਂ ਲਈ ਵੱੱਖ-ਵੱੱਖ ਤਰ੍ਹਾਂ ਦੇ ਢਾਂਚਿਆਂ, ਦਫਤਰਾਂ ਅਤੇ ਸਟੋਰਾਂ ਆਦਿ ਦੀ ਉਸਾਰੀ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜ ਸਰਕਾਰ ਅਤੇ ਪੀਐੱਸਪੀਸੀਐੱਲ ਪ੍ਰਬੰਧਨ ਵੱਲੋਂ ਜ਼ਮੀਨਾਂ ਵੇਚਣ ਅਤੇ ਹੋਰ ਮੁੱਦਿਆਂ ’ਤੇ ਜਲਦ ਉਸਾਰੂ ਕਦਮ ਨਾ ਚੁੱਕੇ ਗਏ ਤਾਂ ਚੱਲ ਰਹੇ ਅੰਦੋਲਨ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਪੀਐੱਸਪੀਸੀਐੱਲ ਮੁੱਖ ਦਫਤਰ, ਪਟਿਆਲਾ ਦੇ ਸਾਹਮਣੇ 4 ਫਰਵਰੀ ਨੂੰ ਰਾਜ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਖੇਤਰ ਨਾਲ ਸਬੰਧਤ ਲੋਕ ਵਿਰੋਧੀ ਫੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਮਹਿਕਮੇ ’ਚ ਉਦਯੋਗਿਕ ਸ਼ਾਂਤੀ ਬਣੀ ਅਤੇ ਸਦਭਾਵਨਾ ਬਣਾਈ ਰੱਖੀ ਜਾ ਸਕੇ, ਰਾਜ ਸਰਕਾਰ ਦੇ ਜ਼ੀਰੋ ਬਿਜਲੀ ਆਉਟੇਜ ਟੀਚੇ ਨੂੰ ਸਮੇਂ ਸਿਰ ਪੂਰਾ ਕਰਦੇ ਹੋਏ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ।