ਚੰਨੀ ਵੱਲੋਂ ਵਾਟਰ ਸਪਲਾਈ ਸਕੀਮਾਂ ਦੇ ਬਿੱਲਾਂ ਦੀ ਤਿੱਖੀ ਆਲੋਚਨਾ
ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਵਾਟਰ ਸਪਲਾਈ ਸਕੀਮਾਂ ਦੇ ਬਿੱਲਾਂ ਦੀ ਤਿੱਖੀ
Publish Date: Sat, 31 Jan 2026 04:42 PM (IST)
Updated Date: Sat, 31 Jan 2026 04:46 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਿੰਡਾਂ ਵਿਚ ਵਾਟਰ ਸਪਲਾਈ ਸਕੀਮਾਂ ਦੇ ਬਿਜਲੀ ਬਿੱਲ ਮੁੜ ਲਗਾਉਣ ਅਤੇ ਕਾਂਗਰਸ ਸਰਕਾਰ ਸਮੇਂ ਮੁਆਫ਼ ਕੀਤੇ ਗਏ ਲਗਭਗ 1,246 ਕਰੋੜ ਰੁਪਏ ਦੇ ਬਕਾਏ ਪੰਚਾਇਤਾਂ ਤੋਂ ਵਸੂਲਣ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰਸਤਾਵਿਤ ਤਜਵੀਜ਼ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇੱਥੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਗੰਭੀਰ ਆਰਥਿਕ ਮੰਦਹਾਲੀ ਵਿਚ ਫਸੀ ਹੋਈ ਹੈ ਅਤੇ ਆਪਣੀ ਨਾਕਾਮੀ ਛੁਪਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ’ਤੇ ਵਿੱਤੀ ਭਾਰ ਥੋਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਬਿਜਲੀ ਬਿੱਲ ਮਾਫ ਕਰਨ ਦੇ ਨਾਲ ਅੱਗੇ ਲਈ ਵੀ ਇਹ ਬਿੱਲ ਲਗਾਉਣੇ ਪੂਰੀ ਤਰ੍ਹਾਂ ਬੰਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਅਚਾਨਕ ਚਾਰ ਸਾਲਾਂ ਦੇ ਬਕਾਏ ਸਮੇਤ ਪੰਚਾਇਤਾਂ ਨੂੰ ਲੱਖਾਂ-ਕਰੋੜਾਂ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪੰਚਾਇਤਾਂ ਕੋਲ ਆਮਦਨ ਦਾ ਸਾਧਨ ਨਾ ਹੋਣ ਕਾਰਨ ਉਹ ਇਹ ਆਰਥਿਕ ਭਾਰ ਚੁੱਕਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿੱਤ ਕਮਿਸ਼ਨ ਰਾਹੀਂ ਮਿਲਣ ਵਾਲੇ ਵਿਕਾਸ ਫੰਡਾਂ ਨੂੰ ਵੀ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਵਰਤਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਇਹ ਫੰਡ ਪਿੰਡਾਂ ਦੇ ਵਿਕਾਸ ਕਾਰਜਾਂ ਜਿਵੇਂ ਗਲੀਆਂ-ਨਾਲੀਆਂ, ਪਾਣੀ ਦੇ ਨਿਕਾਸ, ਸਫਾਈ ਅਤੇ ਸੈਨੀਟੇਸ਼ਨ ਲਈ ਹੁੰਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਫੰਡ ਗਲਤ ਤਰੀਕੇ ਨਾਲ ਵਰਤੇ ਗਏ ਤਾਂ ਭਵਿੱਖ ਵਿਚ ਕੇਂਦਰ ਸਰਕਾਰ ਵੱਲੋਂ ਸਰਪੰਚਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਅਧਿਕਾਰੀ ਸਰਪੰਚਾਂ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁਆਫ਼ ਕੀਤੇ ਗਏ ਬਿੱਲ ਕਿਸੇ ਵੀ ਕੀਮਤ ’ਤੇ ਵਸੂਲਣ ਨਹੀਂ ਜਾਣ ਦਿੱਤੇ ਜਾਣਗੇ ਅਤੇ ਇਸ ਧੱਕੇਸ਼ਾਹੀ ਖਿਲਾਫ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੇ ਇਕਸੁਰ ਹੋ ਕੇ ਫੈਸਲਾ ਕੀਤਾ ਹੈ ਕਿ ਇਹ ਬਿੱਲ ਅਦਾ ਨਹੀਂ ਕੀਤੇ ਜਾਣਗੇ ਅਤੇ ਸਰਕਾਰ ਦੇ ਪਿੰਡ ਵਿਰੋਧੀ ਰਵੱਈਏ ਖਿਲਾਫ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਨਵੀ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਸਾਬਕਾ ਪ੍ਰਧਾਨ ਹਰੀਪਾਲ, ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ, ਸੀਨੀਅਰ ਆਗੂ ਹਰਮਿੰਦਰ ਸਿੰਘ ਲੱਕੀ, ਵਿਕਰਮ ਬੱਤਾ, ਅਮਨ ਭਨੋਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਹਰਜੋਤ ਸਿੰਘ, ਪ੍ਰਿਤਪਾਲ ਸਿੰਘ ਓਇੰਦ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਤੇ ਹਰਜੀਤ ਸਿੰਘ ਸੋਢੀ, ਰਣਜੋਧ ਸਿੰਘ ਜੋਤੀ, ਨਰਿੰਦਰ ਸਿੰਘ ਗਾਂਧੀ ਘੜੂੰਆਂ, ਭਗਵਾਨ ਦਾਸ, ਹਰਮੋਹਨ ਸਿੰਘ ਭੰਗੂ, ਸਰਪੰਚ ਹਰਵਿੰਦਰ ਸਿੰਘ ਕੋਟਲਾ, ਬਾਰਾ ਸਿੰਘ ਰੌਣੀ, ਜਗਤਾਰ ਸਿੰਘ ਸੱਖੋ ਮਾਜਰਾ, ਅਵਤਾਰ ਸਿੰਘ ਸੱਖੋ ਮਾਜਰਾ, ਇਕਬਾਲ ਸਿੰਘ ਰਤਨਗੜ੍ਹ ਆਦਿ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਸਰਪੰਚ-ਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੌਜੂਦ ਸਨ।