ਰੱਖਿਆ ਤਕਨਾਲੋਜੀ ’ਚ ਐੱਮਟੈਕ ਵਾਲਾ ਪਹਿਲਾ ਸੰਸਥਾਨ ਬਣਿਆ ਰੋਪੜ
ਭਾਰਤੀ ਫੌਜ ਨਾਲ ਸਾਂਝੇਦਾਰੀ ’ਚ ਐੱਮਟੈਕ ਸ਼ੁਰੂ ਕਰਨ ਵਾਲਾ ਪਹਿਲਾ ਸੰਸਥਾਨ ਬਣਿ
Publish Date: Fri, 30 Jan 2026 06:29 PM (IST)
Updated Date: Fri, 30 Jan 2026 06:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਆਈਟੀ ਰੋਪੜ ਵੱਲੋਂ ਰੱਖਿਆ ਤਕਨਾਲੌਜੀ ਵਿਚ ਐੱਮਟੈਕ (ਰੱਖਿਆ ਤਕਨਾਲੌਜੀ) ਪ੍ਰੋਗਰਾਮ ਸ਼ੁਰੂ ਕਰਨ ਲਈ ਭਾਰਤੀ ਫੌਜ ਨਾਲ ਇੱਕ ਇਤਿਹਾਸਕ ਸਮਝੌਤਾ ਮੈਮੋਰੰਡਮ (ਐੱਮਓਏ) ’ਤੇ ਦਸਤਖਤ ਕੀਤੇ। ਇਹ ਪਹਿਲੀ ਬਾਰ ਹੈ ਜਦੋਂ ਭਾਰਤ ਵਿਚ ਕਿਸੇ ਵੀ ਆਈਆਈਟੀ ਨੇ ਹਥਿਆਰਬੰਦ ਬਲਾਂ ਨਾਲ ਇਸ ਤਰ੍ਹਾਂ ਦੀ ਵਿਆਪਕ ਰੱਖਿਆ ਤਕਨਾਲੌਜੀ ਸਾਂਝੇਦਾਰੀ ਸਥਾਪਿਤ ਕੀਤੀ ਹੈ। ਇਸ ਮੌਕੇ ਐੱਮਓਏ ’ਤੇ ਏਵੀਐੱਸਐੱਮ, ਵੀਐੱਸਐੱਮ, ਕਮਾਂਡੈਂਟ, ਏਸੀਸੀ ਐਂਡ ਐੱਸ ਮੇਜਰ ਜਨਰਲ ਵਿਕਰਮ ਵਰਮਾ ਅਤੇ ਡਾਇਰੈਕਟਰ ਆਈਆਈਟੀ ਰੋਪੜ ਪ੍ਰੋ.ਰਾਜੀਵ ਆਹੂਜਾ ਵੱਲੋਂ ਦਸਤਖਤ ਕੀਤੇ ਗਏ। ਇਸ ਮੌਕੇ ਡਾਇਰੈਕਟਰ ਆਈਆਈਟੀ ਰੋਪੜ ਪ੍ਰੋ.ਰਾਜੀਵ ਆਹੂਜਾ ਨੇ ਕਿਹਾ ਕਿ ਇਹ ਸਹਿਯੋਗ ਰੱਖਿਆ ਤਕਨਾਲੌਜੀ ਸਿੱਖਿਆ ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ਵਿਚ ਇੱਕ ਆਦਰਸ਼ ਤਬਦੀਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਰੱਖਿਆ ਤਕਨਾਲੌਜੀ ਲੀਡਰਾਂ ਦਾ ਨਿਰਮਾਣ ਕਰੇਗਾ ਜੋ ਮਹੱਤਵਪੂਰਨ ਰੱਖਿਆ ਖੇਤਰਾਂ ਵਿਚ ਭਾਰਤ ਦੀ ਸਵੈ-ਨਿਰਭਰਤਾ ਨੂੰ ਅੱਗੇ ਵਧਾਉਣ ਵਿਚ ਸਮਰੱਥ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਏਸੀਸੀ ਐਂਡ ਐੱਸ ਅਤੇ ਆਈਆਈਟੀ ਰੋਪੜ੍ਹ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤਾ ਗਿਆ ਹੈ। ਇਹ ਪਾਠਕ੍ਰਮ ਵਿਹਾਰਕ ਸਿੱਖਿਆ, ਹੱਥੀਂ-ਹੱਥੀਂ ਖੋਜ ਅਤੇ ਨਵੀਨਤਾ-ਸੰਚਾਲਿਤ ਸਮੱਸਿਆ ਹੱਲ ’ਤੇ ਜ਼ੋਰ ਦਿੰਦਾ ਹੈ, ਜੋ ਅਫਸਰਾਂ ਨੂੰ ਹਥਿਆਰਬੰਦ ਬਲਾਂ ਵਿਚ ਤਕਨਾਲੋਜੀ ਲੀਡਰ ਬਣਨ ਲਈ ਤਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਮਾਪਤੀ ’ਤੇ ਅਫਸਰਾਂ ਨੂੰ ਐੱਮ.ਟੈਕ (ਰੱਖਿਆ ਤਕਨਾਲੋਜੀ) ਦੀ ਡਿਗਰੀ ਦਿੱਤੀ ਜਾਵੇਗੀ। ਇਹ ਯੋਗਤਾ ਉਨ੍ਹਾਂ ਨੂੰ ਆਰਮਰਡ ਫਾਰਮੇਸ਼ਨਾਂ ਵਿਚ ਤਕਨੀਕੀ ਆਧੁਨਿਕੀਕਰਨ ਪਹਿਲਕਦਮੀਆਂ ਦੀ ਅਗਵਾਈ ਕਰਨ ਅਤੇ ਰੱਖਿਆ ਨਿਰਮਾਣ ਵਿਚ ਸਵਦੇਸ਼ੀਕਰਨ ਯਤਨਾਂ ਵਿਚ ਮਹੱਤਵਪੂਰਨ ਯੋਗਦਾਨ ਦੇਣ ਵਿਚ ਸਮਰੱਥ ਬਣਾਏਗੀ। ਇਸ ਮੌਕੇ ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ (ਸੇਵਾਮੁਕਤ), ਪ੍ਰੋਫੈਸਰ ਆਫ਼ ਪ੍ਰੈਕਟਿਸ, ਆਈਆਈਟੀ ਰੋਪੜ ਲੈਫਟੀਨੈਂਟ ਜਨਰਲ ਐੱਸਐੱਸ ਮਾਹਲ, ਪ੍ਰੋਫੈਸਰ ਆਫ਼ ਪ੍ਰੈਕਟਿਸ, ਆਈਆਈਟੀ ਰੋਪੜ ਵੀਰਭਦਰ ਸਿੰਘ ਰਾਵਤ, ਐਸੋਸੀਏਟ ਡੀਨ (ਪੀਜੀ ਅਤੇ ਖੋਜ), ਆਈਆਈਟੀ ਰੋਪੜ, ਪ੍ਰੋ.ਸਾਰੰਗ ਗੁਮਫੇਕਰ, ਕਮਾਂਡਰ ਐੱਸਓਟੀਟੀ ਬ੍ਰਿਗੇਡੀਅਰ ਕੌਸ਼ਲ ਪੰਵਾਰ, ਸੀਨੀਅਰ ਇੰਸਟ੍ਰਕਟਰ, ਐੱਚਕਿਊ ਐੱਸਓਟੀਟੀਟੀਕਰਨਲ ਤਰੁਣ ਬਡੋਲਾ ਅਤੇ ਏਸੀਸੀ ਐਂਡ ਐੱਸ ਅਤੇ ਐੱਮਆਈਸੀ ਐਂਡ ਐੱਸ ਦੇ ਫੈਕਲਟੀ ਤੇ ਸਟਾਫ ਅਤੇ ਆਈਆਈਟੀ ਰੋਪੜ੍ਹ ਦੇ ਪ੍ਰਬੰਧਕ ਤੇ ਸਟਾਫ ਮੈਂਬਰ ਹਾਜ਼ਰ ਸਨ।