ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Fri, 30 Jan 2026 05:13 PM (IST)
Updated Date: Fri, 30 Jan 2026 05:16 PM (IST)

ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਰੋਪੜ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਮੁਹੱਲਾ ਚੰਦਰਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਤੋਂ ਸ਼ੁੱਕਰਵਾਰ ਦੁਪਹਿਰ ਬਾਅਦ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਕੇ ਪੁਲ ਬਜ਼ਾਰ , ਸਬਜੀ ਮੰਡੀ, ਗੁਰਦੁਆਰਾ ਸਿੰਘ ਸਭਾ ਰੋਪੜ, ਬੇਲਾ ਚੌਂਕ ਤੋਂ ਹਸਪਤਾਲ ਰੋਡ ਹੁੰਦਾ ਹੋਇਆ ਸਰਹਿੰਦ ਨਹਿਰ ਰੋਡ ਤੋਂ ਬਾਅਦ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ।ਇਸ ਮੌਕੇ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਦੇ ਸੰਤ ਬਾਬਾ ਅਵਤਾਰ ਸਿੰਘ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਸਤਿਆਲ, ਭਾਜਪਾ ਆਗੂ ਜਗਦੀਸ਼ ਚੰਦਰ ਕਾਜਲਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ ਚੰਦੜ, ਕਾਮਰੇਡ ਸੁਰਜੀਤ ਲਾਲ ਸੀਨੀਅਰ ਮੀਤ ਪ੍ਰਧਾਨ, ਮੁੱਖ ਸਲਾਹਕਾਰ ਕਾਮਰੇਡ ਗੁਰਦੇਵ ਸਿੰਘ ਬਾਗੀ, ਖ਼ਜ਼ਾਨਚੀ ਹਰਚਰਨ ਸਿੰਘ, ਕਰਮਜੀਤ ਸਿੰਘ ਕੰਮਾ , ਗੁਰਜੀਤ ਸਿੰਘ ਲਾਡਲ , ਗੁਰਮੁੱਖ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਜਥੇਦਾਰ ਭਾਗ ਸਿੰਘ ਚੰਦੜ ਨੇ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਸਹਿਜ ਪਾਠ ਸਾਹਿਬ ਦੀ ਭੋਗ ਸਵੇਰੇ 10 ਵਜੇ ਪਾਏ ਜਾਣਗੇ ਅਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਗੁਰਮਤਿ ਮਿਸ਼ਨਰੀ ਕਾਲਜ ਰੋਪੜ , ਭਾਈ ਮੰਝ ਸੇਵਾ ਦਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।