ਪੇਪਰ ਮਿਲ ਦੀ ਈਆਈਏ ਰਿਪੋਰਟ ਰੱਦ ਕਰਨ ਦੀ ਮੰਗ
ਸ਼੍ਰੀ ਚਮਕੌਰ ਸਾਹਿਬ ਮੋਰਚੇ ਵੱਲੋਂ ਪੇਪਰ ਮਿਲ ਦੀ ਈਆਈਏ ਰਿਪੋਰਟ ਰੱਦ ਕਰਨ ਦੀ ਮੰਗ
Publish Date: Wed, 28 Jan 2026 03:40 PM (IST)
Updated Date: Wed, 28 Jan 2026 03:43 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਸ਼੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਵੱਲੋਂ ਭਾਜਪਾ ਆਗੂ ਬੀਬੀ ਅਮਨਪ੍ਰੀਤ ਕੌਰ ਰਾਏ ਦੀ ਅਗਵਾਈ ਹੇਠ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਪਿੰਡ ਧੌਲਰਾਂ ਵਿਖੇ ਸ਼ੁਰੂ ਕੀਤੀ ਜਾ ਰਹੀ ਪੇਪਰ ਮਿੱਲ ਦੀ ਵਾਤਾਵਰਣ ਪ੍ਰਭਾਵ ਆਂਕਲਨ (ਈਆਈਏ) ਰਿਪੋਰਟ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੰਪਨੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿੱਖਾਂ ਦੇ ਪਵਿੱਤਰ ਇਤਿਹਾਸ ਅਤੇ ਸ਼ਹਾਦਤਾਂ ਨਾਲ ਜੁੜੀਆਂ ਘਟਨਾਵਾਂ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਦਰਸਾਇਆ ਗਿਆ ਹੈ। ਮੋਰਚੇ ਦੇ ਆਗੂ ਖੁਸ਼ਇੰਦਰ ਸਿੰਘ ਜੰਡ ਸਾਹਿਬ, ਪ੍ਰਧਾਨ ਜੁਝਾਰ ਸਿੰਘ ਅਤੇ ਲਖਬੀਰ ਸਿੰਘ ਲੱਖੀ ਹਾਫਿਜ਼ਾਬਾਦ ਨੇ ਕਿਹਾ ਕਿ ਰੂਚਿਰਾ ਪੇਪਰਜ਼ ਲਿਮਿਟਡ ਅਤੇ ਈਆਈਏ ਤਿਆਰ ਕਰਨ ਵਾਲੀ ਕੰਪਨੀ ਵੱਲੋਂ ਬਣਾਈ ਗਈ ਰਿਪੋਰਟ ਵਿਚ ਸ਼੍ਰੀ ਚਮਕੌਰ ਸਾਹਿਬ ਨਾਲ ਸਬੰਧਿਤ ਸਿੱਖ ਇਤਿਹਾਸ, ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਅਤੇ ਚਾਲੀ ਸਿੰਘਾਂ ਦੀਆਂ ਸ਼ਹਾਦਤਾਂ ਦਾ ਯੋਗ ਵਰਨਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ਼੍ਰੀ ਬੀੜ ਗੁਰੂ ਜੰਡ ਸਾਹਿਬ ਅਤੇ ਗੁਰਦੁਆਰਾ ਇਮਲੀ ਸਾਹਿਬ ਵਰਗੇ ਇਤਿਹਾਸਕ ਧਾਰਮਿਕ ਸਥਾਨਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਹ ਕਿਰਿਆ ਈਆਈਏ ਨੋਟੀਫਿਕੇਸ਼ਨ-2006 ਦੇ ਨਿਯਮਾਂ ਦੀ ਉਲੰਘਣਾ ਹੈ, ਕਿਉਂਕਿ ਕਿਸੇ ਵੀ ਪ੍ਰੋਜੈਕਟ ਤੋਂ ਪਹਿਲਾਂ ਸਥਾਨਕ ਇਤਿਹਾਸ, ਧਾਰਮਿਕ ਅਸਥਾਨਾਂ, ਆਬਾਦੀ, ਜਲ ਸਰੋਤਾਂ ਅਤੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਸਹੀ ਜਾਣਕਾਰੀ ਦੇਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਜ਼ਮੀਨੀ ਜਾਂਚ ਦੇ ਮਨਘੜਤ ਤੱਥਾਂ ’ਤੇ ਆਧਾਰਿਤ ਰਿਪੋਰਟ ਨੂੰ ਅੱਗੇ ਵਧਾਉਣਾ ਗੰਭੀਰ ਅਪਰਾਧ ਹੈ। ਮੋਰਚੇ ਨੇ ਮੰਗ ਕੀਤੀ ਕਿ ਈਆਈਏ ਰਿਪੋਰਟ ਤੁਰੰਤ ਰੱਦ ਕੀਤੀ ਜਾਵੇ, ਦੋਸ਼ੀ ਕੰਪਨੀਆਂ ਅਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਅਤੇ ਸਿੱਖ ਇਤਿਹਾਸ ਨਾਲ ਹੋ ਰਹੀ ਇਸ ਬੇਇਨਸਾਫਿ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਧਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।