- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਤੇ ਬਣਦਾ ਸਤਿਕਾਰ ਦਿਵਾਉਣ ਲਈ ਜਾਗਰੂਕ ਹੋਣ ਦੀ ਲੋੜ

ਲਖਵੀਰ ਖਾਬੜਾ, ਪੰਜਾਬੀ ਜਾਗਰਣ,
ਰੂਪਨਗਰ: ਪੰਜਾਬੀ ਮਾਂ ਬੋਲੀ ਦੀ ਧਾਂਕ ਵੱਖਰੀ ਹੈ ਸਾਡੇ ਸਭਿਆਚਾਰ,ਰਹਿਣ ਸਹਿਣ ਤੇ ਪੰਜਾਬੀ ਬੋਲੀ ਦੀ ਆਪਣੀ ਵੱਖਰੀ ਪਛਾਣ ਹੈ ਪ੍ਰੰਤੂ ਅਸੀ ਅੰਗਰੇਜ਼ੀ ਨੂੰ ਹੀ ਸਭ ਕੁਝ ਮੰਨ ਕੇ ਕੁਝ ਸਮੇਂ ਤੋਂ ਅਸੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹੋ, ਜੋ ਪੰਜਾਬ ਤੇ ਪੰਜਾਬੀਅਤ ਲਈ ਖ਼ਤਰਾ ਹੈ ,ਸਾਨੂੰ ਜਾਗਰੂਕ ਹੋਣ ਦੀ ਲੋੜ ਹੈ।
---
ਮਾਂ ਬੋਲੀ ਤੇ ਸਭਿਆਚਾਰ ਨੂੰ ਬਚਾਉਣਾ ਜ਼ਰੂਰੀ : ਗਿੱਲ
ਸਮਾਜਸੇਵੀ ਆਗੂ ਭੂਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਅੰਤਰ-ਰਾਸ਼ਟਰੀ ਪੱਧਰ ਤੇ ਮਾਂ ਬੋਲੀ ਦਿਵਸ ਮਨਾਉਂਦੇ ਹਨ ਜਿਸ ਦਾ ਉਦੇਸ਼ ਵਿਸ਼ਵ ਵਿੱਚ ਵੱਖ-ਵੱਖ ਸਭਿਆਚਾਰ ਅਤੇ ਭਾਸ਼ਾਈ ਵਿਭਿੰਨਤਾਵਾਂ ਨੂੰ ਉਤਸ਼ਾਹਤ ਕਰਨਾ ਹੈ। ਜਿੱਥੇ ਮਾਂ ਬੋਲੀ ਸਾਡੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਇੱਕ ਰੂਪ ਪ੍ਰਦਾਨ ਕਰਕੇ ਉੱਚੀ ਉਡਾਰੀ ਭਰਨ ਦੀ ਤਾਂਘ ਪੈਦਾ ਕਰਦੀ ਹੈ, ਉੱਥੇ ਦੂਸਰੀਆਂ ਭਾਸ਼ਾਵਾਂ ਪ੍ਰਤੀ ਸਤਿਕਾਰ, ਸਿੱਖਣ ਦਾ ਹੁਨਰ ਅਤੇ ਸਾਖ਼ਰ ਸਮਾਜ ਦੀ ਸਿਰਜਣਾ ਲਈ ਵੀ ਸਹਾਈ ਹੁੰਦੀ ਹੈ। ਸਾਡਾ ਸਭਿਆਚਾਰ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ, ਨਵੇਂ ਤਕਨੀਕੀ ਯੁੱਗ ਵਿੱਚ ਭਾਵੇ ਸਾਨੂੰ ਬਹੁ-ਭਾਸ਼ਾਈ ਸਿੱਖਿਆ ਦੀ ਲੋੜ ਹੈ ਪ੍ਰੰਤੂ ਆਪਣੀ ਮਾਂ ਬੋਲੀ, ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਰਾਖੀ ਕਰਨਾ ਸਾਡਾ ਫ਼ਰਜ ਹੈ।
----
ਮਾਂ ਬੋਲੀ ਤੇ ਸੱਭਿਆਚਾਰ ਸਾਡੀ ਪਛਾਣ : ਅਮਨ
ਸਰਕਾਰੀ ਬਲੱਡ ਬੈਂਕ ਰੂਪਨਗਰ ਦੇ ਸੁਪਰਵਾਈਜਰ ਅਮਨਦੀਪ ਅਮਨ ਨੇ ਕਿਹਾ ਕਿ ਮਾਤ ਭਾਸ਼ਾ ਮਾਂ ਬੋਲੀ ਹੁੰਦੀ ਹੈ ਜਿਸ ਦਾ ਅਧਾਰ ਹੈ ਆਪਣੀ ਮਾਂ ਦੀ ਗੋਦੀ ਵਿਚ ਬੈਠ ਕੇ ਸਿੱਖੀ ਜਾਣ ਵਾਲੀ ਭਾਸ਼ਾ, ਜੋ ਕਿ ਸਾਨੂੰ ਲੋਰੀਆਂ ਵਿਚ ਮਿਲੀ ਹੋਵੇ। ਮਾਤ ਭਾਸ਼ਾ ਸਾਡੀ ਵਿਰਾਸਤ ਹੈ।ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਜਾਬ ਵਿਚ ਕਰਕੇ ਵੱਡਮੁੱਲੀ ਦਾਤ ਬਖਸ਼ੀ ਹੈ। ਸਾਨੂੰ ਲੋੜ ਹੈ ਵਿਰਸੇ ਵਿਚ ਮਿਲੀ ਮਾਤ ਭਾਸ਼ਾ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
---
ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਸਾਧਨ : ਲੌਗੀਆਂ
ਸਾਬਕਾ ਸਰਪੰਚ ਮੇਹਰ ਸਿੰਘ ਲੌਗੀਆਂ ਨੇ ਕਿਹਾ ਕਿ ਮਾਤ ਭਾਸ਼ਾ ਦਾ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਹੈ , ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ। ਭਾਸ਼ਾ ਕਿਸੇ ਕੌਮ ਦਾ ਵਿਰਸਾ ਹੁੰਦੀ ਹੈ। ਕਿਸੇ ਵੀ ਇਲਾਕੇ ਦੀ ਆਮ ਜਨਤਾ ਜਿਹੜੀ ਭਾਸ਼ਾ ਬੋਲਦੀ ਹੈ ਉਸ ਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਦੁੱਖ-ਸੁੱਖ ਵਿਚ ਆਪ ਮੁਹਾਰੇ ਹੀ ਮਾਤ ਭਾਸ਼ਾ ਦੇ ਸ਼ਬਦ ਉਚਰਿਤ ਹੋ ਜਾਂਦੇ ਹਨ, ਇਹੋ ਮਾਤ ਭਾਸ਼ਾ ਦੀ ਮਹਾਨਤਾ ਹੈ।ਉਨ੍ਹਾਂ ਕਿਹਾਕਿ ਸਾਨੂੰ ਮਾਤ ਭਾਸ਼ਾ ਨੂੰ ਪ੍ਰਫੂਲਿਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
---
ਬਚਪਨ ਦੀ ਬੋਲੀ ਨਾਲ ਹੁੰਦਾ ਹੈ ਖਾਸ ਰਿਸ਼ਤਾ: ਪਰਮਿੰਦਰ ਕੌਰ
ਸਾਬਕਾ ਸਰਪੰਚ ਪਰਮਿੰਦਰ ਕੌਰ ਨੇ ਕਿਹਾ ਕਿ ਜਿਹੜੀ ਬੋਲੀ ਨੂੰ ਆਪਣੇ ਬਚਪਨ ਤੋਂ ਸਿੱਖਦੇ ਹਨ , ਉਸ ਨਾਲ ਸਾਡਾ ਪੱਕਾ, ਗੂੜ੍ਹਾ ਤੇ ਲੰਮਾ ਸਬੰਧ ਬਣ ਚੁੱਕਾ ਹੁੰਦਾ ਹੈ। ਜਿਸ ਬੋਲੀ ਦਾ ਸਾਡੇ ਨਾਲ ਮੁੱਢ ਤੋਂ ਸਬੰਧ ਹੁੰਦਾ ਹੈ, ਉਸ ਬੋਲੀ ਦੇ ਸ਼ਬਦਾਂ ਅਤੇ ਮੁਹਾਵਰਿਆਂ ਦੇ ਅਸੀਂ ਵੱਧ ਤੋਂ ਵੱਧ ਭਾਵ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਚੰਗੀ ਗੱਲ ਹੈ ਪਰ ਆਪਣੀ ਬੋਲੀ ਤੇ ਹਮੇਸ਼ਾ ਮਾਣ ਕਰੋ।ਉਨ੍ਹਾਂ ਕਿਹਾ ਕਿ ਦੂਜੀ ਭਾਸ਼ਾ ਸਿੱਖੋਂ ਪਰ ਮਾਂ ਬੋਲੀ ’ਤੇ ਅਸਰ ਨਾ ਪੈਣ ਦਿਓ,ਹਾਂ ਅੰਗਰੇਜ਼ੀ ਬਿਨਾਂ ਸਾਡਾ ਗੁਜ਼ਾਰਾ ਨਹੀ ਹੈ ਪਰ ਉਸ ਨੂੰ ਜ਼ਰੂਰਤ ਤੋਂ ਵੱਧ ਨਾ ਵਰਤੋਂ ਕਰੀਏਂ
---
ਕਿਸੇ ਵੀ ਇਨਸਾਨ ਪਛਾਣ ਮਾਤ ਭਾਸ਼ਾ ਹੀ ਹੁੰਦੀ : ਰਣਜੀਤ ਕੌਰ
ਸਾਬਕਾ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਸਾਡੀ ਮਾਤ ਭਾਸ਼ਾ ਸਾਡੀ ਵਿਰਾਸਤ ਹੈ। ਕਿਹਾ ਜਾਂਦਾ ਹੈ ਕਿ ਕਿਸੇ ਦੇਸ਼ ਦੀ ਸੱਭਿਅਤਾ ਵੇਖਣੀ ਹੋਵੇ ਤਾਂ ਉਸ ਦੀ ਭਾਸ਼ਾ ਦੇਖੋ। ਉਨ੍ਹਾਂ ਕਿਹਾ ਜਿੱਥੇ ਭਾਸ਼ਾ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਨਹੀਂ ਮਿਲਿਆ ਉੱਥੋਂ ਦੀ ਸੱਭਿਅਤਾ ਵੀ ਵਿਕਸਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੀ ਮਾਤ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਦੁਨੀਆ ਸਾਡੀ ਸੱਭਿਅਤਾ ਦੀ ਕਦਰ ਕਰ ਸਕੇ।