ਮੀਂਹ ਨੇ ਲੋਕਾਂ ਨੂੰ ਦਿਵਾਈ ਖੁਸ਼ਕ ਸਰਦੀ ਤੋਂ ਰਾਹਤ
ਸ਼ੁਕਰਵਾਰ ਨੂੰ ਪਏ ਮੀਂਹ ਨੇ ਲੋਕਾਂ ਨੂੰ ਦਿਵਾਈ ਖੁਸ਼ਕ ਸਰਦੀ ਤੋਂ ਰਾਹਤ
Publish Date: Fri, 23 Jan 2026 06:29 PM (IST)
Updated Date: Fri, 23 Jan 2026 06:30 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਵਿਖੇ ਸਵੇਰ ਤੋਂ ਹੀ ਹੋ ਰਹੇ ਮੀਂਹ ਦੇ ਕਾਰਨ ਜਿੱਥੇ ਆਮ ਲੋਕਾਂ ਨੂੰ ਖੁਸ਼ਕ ਸਰਦੀ ਤੋਂ ਰਾਹਤ ਮਿਲੀ, ਉੱਥੇ ਹੀ ਵੱਖ-ਵੱਖ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਰਿਆ ਬਰਸਾਤੀ ਪਾਣੀ ਸਥਾਨਕ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣਿਆ ਰਿਹਾ। ਇਸ ਦੌਰਾਨ ਕਈ ਇਲਾਕਿਆਂ ਵਿਚ ਸੀਵਰੇਜ ਬੰਦ ਹੋ ਗਏ ਜੋ ਵਿਸ਼ੇਸ਼ ਕਰ ਕੇ ਪੈਦਲ ਰਾਹਗੀਰਾਂ ਲਈ ਭਾਰੀ ਮੁਸੀਬਤ ਬਣਿਆ ਰਿਹਾ। ਇਸ ਮੀਂਹ ਦੇ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਹਾਲਾਂਕਿ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮੀਂਹ ਨੇ ਤਾਪਮਾਨ ਵਿਚ ਵੀ ਕਾਫੀ ਗਿਰਾਵਟ ਆ ਗਈ। ਹਾਲਾਂਕਿ ਇਸ ਮੀਂਹ ਨੂੰ ਫਸਲਾਂ ਲਈ ਵਰਦਾਨ ਮੰਨਿਆ ਜਾ ਰਿਹਾ ਹੈ। ਥਰਮਲ ਪਾਵਰ ਸਟੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ-ਸ਼ੁੱਕਰਵਾਰ ਰਾਤ ਨੂੰ ਵੱਧ ਤੋਂ ਵੱਧ ਤਾਪਮਾਨ 14 ਡਿਗਰੀ, ਜਦੋਂ ਕਿ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ। ਰੂਪਨਗਰ ਵਿਚ 75 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪਿਛਲੇ ਡੇਢ ਮਹੀਨੇ ਤੋਂ ਵਧ ਰਹੀ ਠੰਢ ਅਤੇ ਧੁੰਦ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਇਸ ਦੇ ਕਾਰਨ ਸਬਜ਼ੀਆਂ, ਫਲਾਂ ਅਤੇ ਆਲੂਆਂ ਦੇ ਨਾਲ-ਨਾਲ ਕਣਕ ਦੀ ਫਸਲ ਨੂੰ ਵੀ ਨੁਕਸਾਨ ਦਾ ਖਤਰਾ ਸੀ। ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਫਸਲਾਂ ’ਤੇ ਝੁਲਸ ਰੋਗ ਦੇ ਲੱਛਣ ਦਿਖਾਈ ਦਿੱਤੇ ਸਨ, ਜਿਸ ਕਾਰਨ ਕਿਸਾਨਾਂ ਵਿਚ ਵੀ ਕਾਫੀ ਚਿੰਤਾ ਸੀ। ਹਾਲਾਂਕਿ ਰਾਤ ਦਾ ਤਾਪਮਾਨ ਪੰਜ ਤੋਂ ਛੇ ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਅਤੇ ਕਿਸਾਨਾਂ ਦੀਆਂ ਵਧਦੀਆਂ ਚਿੰਤਾਵਾਂ ਦੇ ਨਾਲ, ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਕਿ ਜੇਕਰ ਸਾਵਧਾਨੀ ਨਾ ਵਰਤੀ ਗਈ, ਤਾਂ ਫਲਾਂ ਅਤੇ ਸਬਜ਼ੀਆਂ, ਖਾਸ ਕਰਕੇ ਆਲੂਆਂ ’ਤੇ ਫਾਈਟੋਫਥੇਰਾ ਇਨਫੈਸਟੈਂਸ ਨਾਮਕ ਉੱਲੀ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਆਲੂ, ਮਟਰ, ਬੈਂਗਣ ਅਤੇ ਖਾਸ ਤੌਰ ’ਤੇ ਜਲਦੀ ਬੀਜੇ ਗਏ ਟਮਾਟਰਾਂ ਨੂੰ ਨਿਯਮਤ ਅੰਤਰਾਲ ’ਤੇ ਹਲਕਾ ਪਾਣੀ ਦੇਣ ਦੀ ਸਲਾਹ ਵੀ ਦਿੱਤੀ।ਹਾਲਾਂਕਿ ਸ਼ੁਕਰਵਾਰ ਤੜਕੇ ਸਵੇਰ ਤੋਂ ਜਾਰੀ ਮੀਂਹ ਨੇ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੋਵਾਂ ਦੀਆਂ ਵਧਦੀਆਂ ਚਿੰਤਾਵਾਂ ਨੂੰ ਖਤਮ ਕਰ ਦਿੱਤਾ ਹੈ। ਇਸ ਬਾਰੇ ਕਿਸਾਨਾਂ ਸੋਹਣ ਸਿੰਘ, ਪ੍ਰੀਤਮ ਸਿੰਘ, ਹਰਬੰਸ ਲਾਲ, ਤਰਸੇਮ ਸਿੰਘ, ਛੋਟਾ ਸਿੰਘ ਆਦਿ ਨੇ ਕਿਹਾ ਕਿ ਮੀਂਹ ਨਾ ਪੈਣ ਕਾਰਨ ਉਹ ਕਣਕ ਦੇ ਨਾਲ-ਨਾਲ ਆਲੂਆਂ ਅਤੇ ਲਗਾਈਆਂ ਗਈਆਂ ਹੋਰ ਸਬਜ਼ੀਆਂ ਦੇ ਤਬਾਹ ਹੋਣ ਬਾਰੇ ਚਿੰਤਤ ਸਨ। ਉਨ੍ਹਾਂ ਕਿਹਾ ਕਿ ਉਹ ਛੋਟੇ ਕਿਸਾਨ ਹਨ, ਇਸ ਲਈ ਉਨ੍ਹਾਂ ਨੂੰ ਪਾਣੀ ਲਈ ਵੀ ਵੱਡੇ ਕਿਸਾਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਪੈਸੇ ਖਰਚ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਰੱਬ ਨੇ ਉਨ੍ਹਾਂ ਦੀ ਫਰਿਆਦ ਸੁਣ ਲਈ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਵਿਚ ਮੀਂਹ ਪੈਣ ਕਾਰਨ ਕਣਕ ਦੀ ਫਸਲ ਦੇ ਨਾਲ-ਨਾਲ ਆਲੂਆਂ ਅਤੇ ਸਬਜ਼ੀਆਂ ਨੂੰ ਸੰਜੀਵਨੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਕਾਰਨ ਲਗਭਗ ਹਰ ਫਸਲ ਨੂੰ ਬਿਨਾਂ ਕਿਸੇ ਦਵਾਈ ਜਾਂ ਰਸਾਇਣ ਦੇ ਛਿੜਕਾਅ ਦੇ ਫਾਇਦਾ ਹੋਵੇਗਾ। ਦੂਜੇ ਪਾਸੇ ਸਵੇਰ ਤੋਂ ਹੀ ਜਾਰੀ ਮੀਂਹ ਕਾਰਨ, ਸ਼ਹਿਰ ਦੀਆਂ ਸੜਕਾਂ ਅਤੇ ਗਿਆਨੀ ਜ਼ੈਲ ਸਿੰਘ ਨਗਰ ਸੜਕ ’ਤੇ ਪਾਣੀ ਭਰਿਆ ਰਿਹਾ ਅਤੇ ਸੜਕ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਚਾਰ ਪਹੀਆ ਵਾਹਨ ਚਾਲਕ ਤਾਂ ਕਿਸੇ ਤਰ੍ਹਾਂ ਚੱਲਦੇ ਰਹੇ ਪ੍ਰੰਤੂ ਇਸ ਸੜਕ ’ਤੇ ਦੋ ਪਹੀਆ ਵਾਹਨਾਂ ਦੀ ਆਵਾਜਾਈ ਸਾਰਾ ਦਿਨ ਬੇਹੱਦ ਘੱਟ ਰਹੀ। ਲੋਕਾਂ ਨੂੰ ਆਉਣ-ਜਾਣ ਲਈ ਲੰਮਾ ਚੱਕਰ ਲਗਾਉਣਾ ਪਿਆ। ਹਾਲਾਂਕਿ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਮੌਸਮ ਠੀਕ ਰਹਿਣ ਦੀ ਉਮੀਦ ਹੈ।