ਰੂਪਨਗਰ ਪੁਲਿਸ ਵੱਲੋਂ ਚਾਇਨਾ ਡੋਰ ਤੋਂ ਬਚਾਅ ਲਈ ਦੋਪਹੀਆ ਵਾਹਨਾਂ 'ਤੇ ਲਗਾਏ ਗਏ ਸੇਫ ਗਾਰਡ
ਰੂਪਨਗਰ ਪੁਲਿਸ ਵੱਲੋਂ ਚਾਇਨਾ ਡੋਰ ਤੋਂ ਬਚਾਅ ਲਈ ਦੋਪਹੀਆ ਵਾਹਨਾਂ 'ਤੇ ਲਗਾਏ ਗਏ ਸੇਫ ਗਾਰਡ
Publish Date: Thu, 22 Jan 2026 06:09 PM (IST)
Updated Date: Thu, 22 Jan 2026 06:12 PM (IST)

ਚਾਈਨਾ ਡੋਰ ਦੀ ਵਰਤੋਂ ਕਰਕੇ ਜਾਂ ਵੇਚਕੇ ਇਸ ਖੁਸ਼ੀ ਦੇ ਤਿਉਹਾਰ ਮੌਕੇ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ - ਐੱਸਐੱਸਪੀ ਲੀਡ ਖ਼ਬਰ: ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਚਾਈਨਾ ਡੋਰ ਕਾਰਨ ਹੋ ਰਹੀਆਂ ਦੁਖਦਾਈ ਘਟਨਾਵਾਂ ਨੂੰ ਦੇਖਦੇ ਹੋਏ ਰੂਪਨਗਰ ਪੁਲਿਸ ਵੱਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਵਿਚ ਟੂ-ਵੀਲਰ ਸਵਾਰਾਂ ਦੀ ਸੁਰੱਖਿਆ ਲਈ ਵਾਹਨਾਂ ‘ਤੇ ਸੁਰੱਖਿਆ ਤਾਰਾਂ (ਆਇਰਨ ਸੇਫ਼ਟੀ ਗਾਰਡ) ਲਗਾਈਆਂ ਗਈਆਂ। ਸਰਕਾਰੀ ਕਾਲਜ ਰੋਪੜ ਦੇ ਬਾਹਰ (ਰੂਪਨਗਰ-ਬੇਲਾ) ਮਾਰਗ ‘ਤੇ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਨਾਲ ਮਨੁੱਖੀ ਜੀਵਨ ਦੇ ਨਾਲ-ਨਾਲ ਪੰਛੀਆਂ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬਸੰਤ ਪੰਚਮੀ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਇਸ ਖੁਸ਼ੀ ਨੂੰ ਸਾਂਝਾ ਕਰਨ ਦੇ ਹੋਰ ਵੀ ਬਹੁਤ ਤਰੀਕੇ ਹੁੰਦੇ ਹਨ। ਚਾਈਨਾ ਡੋਰ ਦੀ ਵਰਤੋਂ ਕਰਕੇ ਇਸ ਖੁਸ਼ੀ ਦੇ ਤਿਉਹਾਰ ਮੌਕੇ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ। ਉਨ੍ਹਾਂ ਨੇ ਕਿਹਾ ਕਿ ਰੂਪਨਗਰ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਸਖ਼ਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਲੋਕਾਂ ਦੇ ਸਹਿਯੋਗ ਨਾਲ ਕਈ ਥਾਵਾਂ ਤੋਂ ਚਾਈਨਾ ਡੋਰ ਅਤੇ ਗੱਟੂ ਬਰਾਮਦ ਕੀਤਾ ਗਿਆ ਹੈ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਅਪਰਾਧ ਦੇ ਖਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਰੂਪਨਗਰ ਪੁਲਿਸ ਵੱਲੋਂ “ਟਾਪ ਪ੍ਰਹਾਰ” ਮੁਹਿੰਮ ਅਧੀਨ ਵੱਡੀ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ।ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਚਾਈਨਾ ਡੋਰ ਨਾ ਵੇਚੀ ਜਾਵੇ ਅਤੇ ਨਾ ਹੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਗੰਭੀਰ ਧਾਰਾਵਾਂ ਵੀ ਲਗਾਈਆਂ ਜਾ ਸਕਦੀਆਂ ਹਨ। ਇਸ ਮੌਕੇ ਐੱਸਪੀ ਅਰਵਿੰਦ ਮੀਨਾ, ਡੀਐਸਪੀ ਰਾਜਪਾਲ ਸਿੰਘ, ਐਸਐਚਓ ਪਵਨ ਚੌਧਰੀ, ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ, ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਸਾਬਕਾ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ,ਰੋਟੇਰੀਅਨ ਜਰਨੈਲ ਸਿੰਘ ਕਾਕਾ,ਰੋਟੇਰੀਅਨ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਰਾਜੂ ਵਰਮਾ, ਗੁਰਿੰਦਰਜੀਤ ਸਿੰਘ ਮਾਨ ਸੈਕਟਰੀ , ਗੁਰਦੀਪ ਸਿੰਘ ਬੈਸ, ਹਰਜੀਤ ਸਿੰਘ, ਜਸਕਰਨ ਸਿੰਘ ਜੱਸੜ, ਜਸਪ੍ਰੀਤ ਸਿੰਘ , ਕੁਲਵਿੰਦਰ ਸੋਨੀ, ਰੋਟੇਰੀਅਨ ਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।