ਏਡਜ਼ ਕੰਟਰੋਲ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਵਿਚਾਰ ਚਰਚਾ
ਏਡਜ਼ ਕੰਟਰੋਲ ਐੱਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ
Publish Date: Wed, 21 Jan 2026 06:41 PM (IST)
Updated Date: Wed, 21 Jan 2026 06:42 PM (IST)

29 ਜਨਵਰੀ ਨੂੰ 2 ਘੰਟੇ ਸੇਵਾਵਾਂ ਰੱਖਣਗੇ ਬੰਦ, 15 ਫਰਵਰੀ ਨੂੰ ਪਟਿਆਲਾ ਵਿਖੇ ਰੋਸ ਰੈਲੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਵਿਖੇ ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਉਲ ਅਤੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਗਗਨਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਏਡਜ਼ ਕੰਟਰੋਲ ਸੇਵਾ ਸੁਸਾਇਟੀ ਵਿਚ ਕੰਮ ਕਰਦੇ ਕੰਟਰੈਕਟ ਕਾਮਿਆਂ ਨੂੰ ਵਿਭਾਗ ਵਿਚ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 27 ਸਾਲਾਂ ਤੋਂ ਕੰਟਰੈਕਟ ਅਧਾਰਿਤ ਕਰਮਚਾਰੀਆਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਇਸ ਦੇ ਇਲਾਵਾ ਤਨਖਾਹਾਂ ਵਿਚ 20 ਫੀਸਦੀ ਵਾਧਾ ਕਰਨ ਦੇ ਵਾਅਦੇ ਨੂੰ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ 4 ਸਾਲ ਬੀਤ ਜਾਣ ਅਤੇ 40 ਦੇ ਕਰੀਬ ਮੀਟਿੰਗਾਂ ਦੇ ਬਾਵਜੂਦ ਨਾ ਤਾਂ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਅਤੇ ਨਾ ਹੀ ਵਿਭਾਗ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਨੂੰ ਵੀ ਮਹੀਨਿਆਂ ਬੱਧੀ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਤੋਂ ਤਨਖਾਹ ਵਿਚ 20% ਵਾਧਾ ਤੇ ਹੋਰ ਮੰਗਾਂ ਨੂੰ ਪੁਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕਰਨ ਲਈ ਮਜ਼ਬੂਰ ਹਨ। ਇਸ ਦੇ ਤਹਿਤ 29 ਜਨਵਰੀ ਨੂੰ ਸਵੇਰ ਦੋ ਘੰਟੇ 9 ਤੋਂ 11 ਵਜੇ ਤੱਕ ਪੰਜਾਬ ਭਰ ਵਿਚ ਹਰ ਤਰ੍ਹਾਂ ਦੀਆਂ ਸੇਵਾਵਾਂ ਵਿਚ ਸ਼ਾਮਲ ਟੈਸਟਿੰਗ ਕਾਊਂਸਲਿੰਗ, ਏਆਰਟੀ ਦੀ ਦਵਾਈ, ਓਐੱਸਟੀ ਦੀ ਦਵਾਈ, ਬਲੱਡ ਬੈਂਕ ਅਤੇ ਦਫਤਰੀ ਸਟਾਫ ਵੱਲੋਂ ਹਰ ਤਰਾਂ ਦੀਆਂ ਸੇਵਾਵਾਂ ਦੋ ਘੰਟੇ ਲਏ ਠੱਪ ਰੱਖੀਆਂ ਜਾਣਗੀਆਂ ਅਤੇ ਆਪਣੇ ਆਪਣੇ ਸੈਂਟਰਾਂ ’ਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 9 ਫਰਵਰੀ ਤੋਂ ਹਰ ਕਿਸਮ ਦੀ ਮਹੀਨਾਵਾਰ ਰਿਪੋਰਟਿੰਗ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 15 ਫਰਵਰੀ, ਦਿਨ ਐਤਵਾਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਨਿੱਜੀ ਰਿਹਾਇਸ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਰੈਲੀ ਕੱਢੀ ਜਾਵੇਗੀ। ਇਸ ਮੌਕੇ ਸਕੱਤਰ ਗੁਰਜੰਟ ਸਿੰਘ, ਕੈਸ਼ੀਅਰ ਮੁਨੀਸ਼, ਅਨੁਰਾਧਾ ਸ਼ਰਮਾ, ਤਰਨਜੀਤ ਕੌਰ, ਅਮਨਦੀਪ ਕੌਰ, ਸੰਜੇ ਕੁਮਾਰ, ਜਤਿੰਦਰ ਕੁਮਾਰ, ਮਨਪ੍ਰੀਤ ਕੌਰ, ਮਨਿੰਦਰ ਕੌਰ ਆਦਿ ਹਾਜ਼ਰ ਸਨ।