ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਖ਼ਤ ਕਦਮ ਚੁੱਕੇ ਜਾ ਰਹੇ : ਜਤਿੰਦਰ ਸ਼ੰਟੀ
ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਖਤ ਕਦਮ ਚੁੱਕੇ ਜਾ ਰਹੇ:ਜਤਿੰਦਰ ਸ਼ੰਟੀ
Publish Date: Sun, 18 Jan 2026 04:02 PM (IST)
Updated Date: Mon, 19 Jan 2026 04:00 AM (IST)
-ਲੋੜਵੰਦਾਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਕੀਤੀ ਵੰਡ
-ਕਿਹਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਜੀਐੱਸ ਅਸਟੇਟ ਵਿਖੇ ਮਨੁੱਖੀ ਅਧਿਕਾਰਾਂ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਇਸ ਸਮਾਗਮ ਦੌਰਾਨ ਐਂਟੀ ਕੁਰੱਪਸ਼ਨ ਕ੍ਰਾਈਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਐਂਟਿਡ ਪੁਲਿਸਿੰਗ ਸੁਸਾਇਟੀ ਅਤੇ ਈਕੋ ਕੰਜ਼ਰਵੇਸ਼ਨ ਫਾਊਂਡੇਸ਼ਨ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਦੇ ਇਲਾਵਾ ਮਰੀਜ਼ਾਂ ਦੇ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਜ਼ਰੂਰਤਮੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਮਾਗਮ ਦੀ ਸਮਾਪਤੀ ਤੋਂ ਬਾਅਦ ਕਮਿਸ਼ਨ ਦੇ ਮੈਂਬਰਾਂ ਨੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਜ਼ੇਰੇ ਇਲਾਜ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਮੌਕੇ ਫਾਊਂਡੇਸ਼ਨ ਤੇ ਸੁਸਾਇਟੀ ਦੇ ਅਹੁੱਦੇਦਾਰਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਈਕੋ ਕੰਜ਼ਰਵੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਡਾ.ਦੀਪਕ ਸਿੰਗਲਾ, ਡੀਐੱਸਪੀ ਮਨੁੱਖੀ ਅਧਿਕਾਰ ਕਮਿਸ਼ਨ ਦੀਪਕ ਸਿੰਘ, ਈਕੋ ਕੰਜ਼ਰਵੇਸ਼ਨ ਫਾਊਂਡੇਸ਼ਨ ਰੂਪਨਗਰ ਦੀ ਪ੍ਰਧਾਨ ਹਰਪ੍ਰੀਤ ਕੌਰ ਆਦਿ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।