ਮੜੌਲੀ ਕਲਾਂ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੂਜੇ ਦਿਨ ਵੀ ਧਰਨਾ ਜਾਰੀ
ਮੜੌਲੀ ਕਲਾਂ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੂਜੇ ਦਿਨ ਵੀ ਧਰਨਾ ਜਾਰੀ
Publish Date: Sat, 17 Jan 2026 05:32 PM (IST)
Updated Date: Sat, 17 Jan 2026 05:33 PM (IST)

ਸੜਕ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਸਰਪੰਚ ਨੇ ਦੋਸ਼ ਨਕਾਰੇ ਅਮਰਜੀਤ ਧੀਮਾਾਨ, ਪੰਜਾਬੀ ਜਾਗਰਣ ਮੋਰਿੰਡਾ : ਨੇੜਲੇ ਪਿੰਡ ਮੜੌਲੀ ਕਲਾਂ ਵਿਖੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈਕੇ ਪਿੰਡ ਵਾਸੀਆਂ ਵੱਲੋਂ ਦੂਜੇ ਦਿਨ ਵੀ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਰਿੰਡਾ-ਚੰਡੀਗੜ੍ਹ ਮੁੱਖ ਸੜਕ ਨੂੰ ਜਾਮ ਰੱਖਿਆ ਗਿਆ। ਇਸ ਦੇ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਧਰਨਾਕਾਰੀਆਂ ਵੱਲੋਂ ਐਂਬੂਲੈਂਸਾਂ ਨੂੰ ਜਾਣ ਦਿੱਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਤੇ ਪੁਲਿਸ ਸੁਰੱਖਿਆ ਹੇਠ ਪਾਈਪ ਲਾਈਨ ਵਿਛਾਉਣ ਦਾ ਕੰਮ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਸਰਪੰਚ ’ਤੇ ਪਿੰਡ ਦੇ ਗੰਦੇ ਪਾਣੀ ਨੂੰ ਪੱਤੀ ਸ਼ੇਰ ਸਿੰਘ ਵਾਲੀ ਵਿਖੇ ਸਥਿਤ ਟੋਭੇ ਵਿਚ ਪਾਉਣ ਦੀ ਥਾਂ ਉਨ੍ਹਾਂ ਦੇ ਮੁਹੱਲੇ ਕੋਲੋਂ ਗੁਜ਼ਰਦੀ ਡਰੇਨ ਵਿਚ ਪਾਉਣ ਦਾ ਦੋਸ਼ ਲਗਾਇਆ ਗਿਆ। ਇਸ ਦੇ ਇਲਾਵਾ ਧਰਨਾ ਦੇ ਰਹੀਆਂ ਬਜ਼ੁਰਗ ਮਹਿਲਾਂਵਾ ਨੇ ਪੁਲਿਸ ’ਤੇ ਧੱਕੇਸ਼ਾਹੀ ਕਰਨ ਅਤੇ ਆਪਣੇ ਹੀ ਘਰਾਂ ’ਚ ਜਾਣ ਤੋਂ ਰੋਕਣ ਦੇ ਇਲਜ਼ਾਮ ਲਗਾਏ ਗਏ। ਇਸ ਮੌਕੇ ਡਿਊਟੀ ਮਜਿਸਟਰੇਟ ਸੁਰਿੰਦਰਪਾਲ ਸਿੰਘ ਪੰਨੂ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਪੰਚਾਇਤ ਮੈਂਬਰ ਜਸਪ੍ਰੀਤ ਸਿੰਘ ਜੱਸਾ, ਪੰਚ ਮਨਦੀਪ ਕੌਰ, ਗੁਰਜੀਤ ਸਿੰਘ, ਗੁਰਦੀਪ ਸਿੰਘ, ਸੁਰਮੁੱਖ ਸਿੰਘ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਵਿਚ ਨਿਕਾਸੀ ਦੀ ਸਮੱਸਿਆ ਕਾਰਨ ਐੱਸਸੀ ਭਾਈਚਾਰੇ ਦੇ ਘਰਾਂ ਅਤੇ ਮੁਹੱਲੇ ਵਿਚ ਗੰਦਾ ਪਾਣੀ ਜਮ੍ਹਾ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਸੀ ਪ੍ਰੰਤੂ ਹੁਣ ਪਿੰਡ ਦੇ ਸਰਪੰਚ ਵੱਲੋਂ ਵਿਕਾਸ ਦੇ ਨਾਮ ’ਤੇ ਪਾਈਪ ਲਾਈਨ ਵਿਛਾ ਕੇ ਪਿੰਡ ਦਾ ਗੰਦਾ ਪਾਣੀ ਬੰਦ ਪਈ ਡਰੇਨ ਵਿਚ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਐੱਸਸੀ ਭਾਈਚਾਰੇ ਦੇ ਘਰ ਮੋਰਿੰਡਾ-ਚੰਡੀਗੜ੍ਹ ਸੜਕ ਦੇ ਲੈਵਲ ਤੋਂ ਲਗਭਗ 2 ਤੋਂ 3 ਫੁੱਟ ਨੀਵੇਂ ਹਨ। ਹੁਣ ਪਿੰਡ ਦੇ ਸਰਪੰਚ ਵੱਲੋਂ ਪਿੰਡ ਦਾ ਗੰਦਾ ਪਾਣੀ ਪਾਈਪ ਲਾਈਨ ਰਾਹੀਂ ਇਸ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਇਸ ਦੇ ਕਾਰਨ ਬਰਸਾਤ ਵਿਚ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੋਵੇਗਾ। ਧਰਨਾਕਾਰੀਆਂ ਨੇ ਦੱਸਿਆ ਕਿ ਸਰਪੰਚ ਵੱਲੋਂ ਪਾਈ ਜਾ ਰਹੀ ਪਾਈਪ ਲਾਈਨ ਵਿਰੁੱਧ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐੱਸਡੀਐੱਮ ਮੋਰਿੰਡਾ ਨੂੰ ਵੀ ਦਰਖਾਸਤਾਂ ਦਿੱਤੀਆਂ ਗਈਆਂ ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਸਲੇ ਦਾ ਸਥਾਈ ਹੱਲ੍ਹ ਨਹੀਂ ਕੀਤਾ ਜਾਂਦਾ ਇਹ ਧਰਨਾ ਨਿਰੰਤਰ ਜਾਰੀ ਰਹੇਗਾ। ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸਰਪੰਚ ਵੱਲੋਂ ਬਿਨਾਂ ਗ੍ਰਾਮ ਸਭਾ ਦੀ ਮਨਜ਼ੂਰੀ ਦੇ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਪੰਚਾਇਤੀ ਰਾਜ ਐਕਟ ਦੀ ਉਲੰਘਣਾ ਹੈ। ਇਸ ਮੌਕੇ ਜਸਵੰਤ ਸਿੰਘ, ਫਤਿਹ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਦਿਲਬਾਗ ਸਿੰਘ ਰਾਜਦੀਪ ਸਿੰਘ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ, ਕਰਮਵੀਰ ਸਿੰਘ, ਹਰਜਾਪ ਸਿੰਘ, ਮਨਜੀਤ ਕੌਰ, ਹਰਜੀਤ ਕੌਰ, ਨਿਰਮਲਜੀਤ ਕੌਰ, ਪਰਮਜੀਤ ਕੌਰ, ਸੁਖਦੀਪ ਕੌਰ, ਮਨਪ੍ਰੀਤ ਕੌਰ, ਸੁਨੀਤਾ, ਵਿੱਦਿਆਰਾਣੀ ਕੌਰ, ਕ੍ਰਿਸ਼ਨਾ ਕੌਰ, ਮਹਿੰਦਰ ਕੌਰ, ਸ਼ਿੰਦਰਪਾਲ ਕੌਰ, ਰਜਿੰਦਰ ਕੌਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਤਰਨਜੀਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਲੰਮੇ ਸਮੇਂ ਤੋਂ ਬਣੀਆਂ ਖੁੱਲੀਆਂ ਨਾਲੀਆਂ ਦੇ ਟੁੱਟਣ ਕਾਰਨ ਨਿਕਾਸੀ ਦੀ ਦਿੱਕਤ ਆ ਰਹੀ ਸੀ। ਇਸ ਸਮੱਸਿਆ ਨੂੰ ਹੱਲ੍ਹ ਕਰਨ ਲਈ ਉਨ੍ਹਾਂ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਡੇਢ ਫੁੱਟ ਦਾ ਪਾਈਪ ਪਾ ਕੇ ਗੰਦੇ ਪਾਣੀ ਨੂੰ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੇਨ ਨੂੰ ਸਾਫ ਅਤੇ ਪੱਕਾ ਕਰਵਾਉਣ ਲਈ ਸਰਕਾਰ ਕੋਲੋਂ 10 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ ਪ੍ਰੰਤੂ ਵਿਰੋਧੀ ਧਿਰ ਦੇ ਕੁਝ ਲੋਕ ਵਿਕਾਸ ਕਾਰਜਾਂ ਵਿਚ ਰੁਕਾਵਟ ਪੈਦਾ ਕਰਕੇ ਜਾਣਬੁੱਝ ਕੇ ਮਸਲੇ ਨੂੰ ਰਾਜਨੀਤਿਕ ਤੇ ਜਾਤੀਵਾਦ ਦਾ ਰੂਪ ਦੇ ਰਹੇ ਹਨ। ਇਸ ਮੌਕੇ ਹਾਜ਼ਰ ਐੱਸਐੱਚਓ ਗੁਰਮੁੱਖ ਸਿੰਘ ਨੇ ਪੁਲਿਸ ਵੱਲੋਂ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਡਿਊਟੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਰੋਕਣ ਲਈ ਲਗਾਈ ਗਈ ਹੈ। ਇਸ ਮੌਕੇ ਹਾਜ਼ਰ ਬੀਡੀਪੀਓ ਹਰਕੀਤ ਸਿੰਘ ਨੇ ਦੱਸਿਆ ਕਿ ਇਹ ਕੰਮ ਬਿਲਕੁਲ ਟੈਕਨੀਕਲ ਮਿਆਰ ਅਨੁਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਨਾਲੀ ਦੀ ਥਾਂ ਪਾਈਪ ਲਾਈਨ ਪਾਈ ਗਈ ਹੈ ਅਤੇ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਪਿੰਡ ਵਿਚ ਧਰਨਾ ਜਾਰੀ ਸੀ ਅਤੇ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਦੱਸੀ ਜਾ ਰਹੀ ਸੀ।