ਆਈਆਈਟੀ ਰੋਪੜ ਵੱਲੋਂ ਹਰਿਆਣਾ ਦੀ ਪਹਿਲੀ ਸੀਪੀਐੱਸ ਲੈਬ ਦਾ ਉਦਘਾਟਨ
ਆਈਆਈਟੀ ਰੋਪੜ ਵੱਲੋਂ ਹਰਿਆਣਾ ਦੀ ਪਹਿਲੀ ਸੀਪੀਐੱਸ ਲੈਬ ਦਾ ਉਦਘਾਟਨ
Publish Date: Sat, 17 Jan 2026 02:59 PM (IST)
Updated Date: Sat, 17 Jan 2026 03:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਰੋਪੜ ਵੱਲੋਂ ਹਰਿਆਣਾ ਵਿਖੇ ਉੱਦਮਤਾ ਪ੍ਰਮੋਸ਼ਨ ਅਤੇ ਇਨਕਿਊਬੇਸ਼ਨ ਕੌਂਸਲ (ਈਪੀਆਈਸੀ), ਟੈਕਨੋੌਲੌਜੀ ਬਿਜ਼ਨਸ ਇਨਕਿਊਬੇਟਰ (ਟੀਬੀਆਈ)-ਨਿਧੀ ਟੀਬੀਆਈ, ਅੰਬਾਲਾ ਕਾਲਜ ਆਫ ਇੰਜੀਨੀਅਰਿੰਗ ਐਂਡ ਐਪਲਾਈਡ ਰਿਸਰਚ (ਏਸੀਈ) ਦੇ ਸਹਿਯੋਗ ਨਾਲ ਆਪਣੀ 19ਵੀਂ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ ਅਤੇ ਸੂਬੇ ਦੀ ਪਹਿਲੀ ਸਪੀਐੱਸ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਦੇ ਉਦਘਾਟਨ ਮੌਕੇ ਮਹਿਮਾਨਾਂ ਤੇ ਪ੍ਰਬੰਧਕਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੌਜੀ ਵਿਭਾਗ (ਡੀਐੱਸਟੀ) ਦੇ ਅੰਤਰ-ਵਿਸ਼ਾ ਸਾਈਬਰ-ਫਿਜ਼ੀਕਲ ਸਿਸਟਮਜ਼ ’ਤੇ ਰਾਸ਼ਟਰੀ ਮਿਸ਼ਨ (ਐੱਨਐੱਮ-ਆਈਸੀਪੀਐੱਸ) ਵੱਲੋਂ ਮਾਨਤਾ ਪ੍ਰਾਪਤ ਇਹ ਇਤਿਹਾਸਕ ਪਹਿਲਕਦਮੀ ਹਰਿਆਣਾ ਵਿਚ ਪਹਿਲੀ ਸੀਪੀਐੱਸ ਲੈਬ ਦੀ ਸਥਾਪਨਾ ਨੂੰ ਦਰਸਾਉਂਦੀ ਹੈ ਜੋ ਖੇਤਰ ’ਚ ਸੀਪੀਐੱਸ ਤਕਨਾਲੋਜੀਆਂ ’ਚ ਖੋਜ, ਨਵੀਨਤਾ ਅਤੇ ਹੁਨਰ ਵਿਕਾਸ ਨੂੰ ਮਜ਼ਬੂਤ ਕਰਦੀ ਹੈ। ਇਸ ਮੌਕੇ ਕਰਵਾਏ ਗਏ ਉਦਘਾਟਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਧੀਕ ਵਿਕਾਸ ਕਮਿਸ਼ਨਰ (ਐੱਮਐੱਸਐੱਮਈ) ਡੀਐੱਫਓ ਸੰਜੀਵ ਚਾਵਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਨਾਲ ਚੇਅਰਮੈਨ ਐੱਮਡੀਆਈ ਨਲਿਨੀ ਕਾਂਤ, ਸੀਐੱਸ ਸ਼ਰਮਾ (ਸੇਵਾਮੁਕਤ), ਰਜਿਸਟਰਾਰ ਏਸੀਈ ਡਾ.ਮੀਨੂ ਸੈਣੀ, ਮੁੱਖ ਕਾਰਜਕਾਰੀ ਅਧਿਕਾਰੀ ਅਵਧ ਡਾ.ਰਾਧਿਕਾ ਤ੍ਰਿਖਾ ਅਤੇ ਮੁੱਖ ਨਵੀਨਤਾ ਅਧਿਕਾਰੀ ਅਵਧ, ਡਾ.ਮੁਕੇਸ਼ ਕੇਸਟਵਾਲ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ। ਇਸ ਮੌਕੇ ਮੁੱਖ ਕਾਰਜਕਾਰੀ ਅਧਿਕਾਰੀ ਅਵਧ ਡਾ.ਰਾਧਿਕਾ ਤ੍ਰਿਖਾ ਨੇ ਕਿਹਾ ਕਿ ਅਵਧ ਸੀਪੀਐੱਸ ਲੈਬ ਨੂੰ ਸਿੱਖਿਆ, ਖੋਜ, ਪ੍ਰੋਟੋਟਾਈਪਿੰਗ, ਟੈਸਟਿੰਗ ਅਤੇ ਸਹਿਯੋਗ ਲਈ ਇੱਕ ਵਿਆਪਕ ਪਲੇਟਫਾਰਮ ਵਜੋਂ ਤਿਆਰ ਕੀਤਾ ਗਿਆ ਹੈ। ਇਸ ਵਿਚ ਇੱਕ ਸੰਸਥਾ ਵੱਲੋਂ ਵਿਕਸਤ ਆਈਓਟੀ ਕਿੱਟ ਸ਼ਾਮਲ ਹੈ ਜੋ 24 ਘੰਟੇ ਪਲੱਗ-ਐਂਡ-ਪਲੇ ਮੋਡੀਊਲ ਪ੍ਰਦਾਨ ਕਰਦੀ ਹੈ। ਇਸ ਦੇ ਇਲਾਵ ਵਾਇਰਲੈੱਸ ਸੰਚਾਰ ਅਤੇ ਆਈਓਟੀ ਐਪਲੀਕੇਸ਼ਨਜ਼ ਲਈ ਬੀਐੱਲਈ ਵਿਕਾਸ ਸਾਧਨ, ਰੀਅਲ-ਟਾਈਮ ਨਿਗਰਾਨੀ ਅਤੇ ਵਿਸ਼ਲੇਸ਼ਣ ਲਈ ਉੱਨਤ ਵਾਤਾਵਰਣ ਸੈਂਸਰ, ਅਤੇ ਤੇਜ਼ ਪ੍ਰੋਟੋਟਾਈਪਿੰਗ ਅਤੇ ਡਿਜ਼ਾਈਨ ਨਵੀਨਤਾ ਲਈ 3-ਡੀ ਪ੍ਰਿੰਟਰ ਵੀ ਸ਼ਾਮਲ ਹਨ। ਇਸ ਸਮਾਗਮ ਦੌਰਾਨ ਰਮਾ ਕਾਂਤ ਨੇ ਈਪੀਆਈਸੀ ਦਾ ਦ੍ਰਿਸ਼ਟੀਕੋਣ ਤੇ ਨਵੀਨਤਾ ਅਤੇ ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਵਿਚ ਸੀਪੀਐੱ ਢਾਂਚੇ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਆਸ਼ਵੰਤ ਗੁਪਤਾ ਵੱਲੋਂ ਸੀਪੀਐੱਸ ਸੰਚਾਲਿਤ ਨਵੀਨਤਾ ਨਾਲ ਜੁੜੇ ਵਿਦਿਆਰਥੀ ਸਿਖਲਾਈ ਅਤੇ ਵਿਕਾਸ ਪਹਿਲਕਦਮੀਆਂ ਪ੍ਰਤੀ ਸੰਸਥਾ ਦੀ ਵਚਨਬੱਧਤਾ ਪ੍ਰਤੀ ਚਾਨਣਾ ਪਾਇਆ। ਡਾ.ਰਾਧਿਕਾ ਤ੍ਰਿਖਾ ਨੇ ਸਾਰੇ ਹਿੱਸੇਦਾਰਾਂ ਲਈ ਸੀਪੀਐੱਸ ਤਕਨਾਲੌਜੀਆਂ ਨੂੰ ਪਹੁੰਚਯੋਗ ਬਣਾਉਣ ਅਤੇ ਨਵੀਨਤਾ-ਸੰਚਾਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅਵਧ ਦੇ ਮੁੱਖ ਨਵੀਨਤਾ ਅਧਿਕਾਰੀ ਡਾ.ਮੁਕੇਸ਼ ਕੇਸਤਵਾਲ ਨੇ ਸੀਪੀਐੱਸ ਖੋਜ ਨੂੰ ਸਕੇਲੇਬਲ ਤਕਨਾਲੌਜੀਆਂ ਵਿਚ ਅਨੁਵਾਦ ਕਰਨ, ਸਟਾਰਟਅੱਪ-ਸੰਚਾਲਿਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਵਿਚ ਪ੍ਰਭਾਵ ਪੈਦਾ ਕਰਨ ਲਈ ਮਜ਼ਬੂਤ ਉਦਯੋਗ-ਅਕਾਦਮਿਕ ਸਬੰਧ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਸਮਾਗਮ ਦੀ ਸਮਾਪਤੀ ਮੌਕੇ ਪੁਲਕਿਤ ਕੁਮਾਰ ਅਤੇ ਸੰਸਥਾ ਦੀ ਤਕਨੀਕੀ ਟੀਮ ਨੇ 30 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੂੰ ਸੀਪੀਐੱਸ ਆਧਾਰਿਤ ਟੂਲਕਿੱਟਸ ਅਤੇ ਲਾਗੂ ਸਿੱਖਿਆ ਦੇ ਮੌਕਿਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਲਾਈਵ ਪ੍ਰਦਰਸ਼ਨਾਂ ਰਾਹੀਂ ਲੈਬ ਦੀਆਂ ਉੱਨਤ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।