ਸ਼੍ਰੀ ਚਮਕੌਰ ਸਾਹਿਬ ਵਿਖੇ ਪਲਾਸਟਿਕ ਡੋਰ ’ਤੇ ਪਾਬੰਦੀ ਲਈ ਦੁਕਾਨਾਂ ਦੀ ਚੈਕਿੰਗ
ਸ਼੍ਰੀ ਚਮਕੌਰ ਸਾਹਿਬ ਵਿਖੇ ਪਲਾਸਟਿਕ ਡੋਰ ’ਤੇ ਪਾਬੰਦੀ ਲਈ ਦੁਕਾਨਾਂ ਦੀ ਚੈਕਿੰਗ
Publish Date: Fri, 16 Jan 2026 07:16 PM (IST)
Updated Date: Fri, 16 Jan 2026 07:18 PM (IST)

ਐੱਸਡੀਐੱਮ ਅਮਰੀਕ ਸਿੰਘ ਸਿੱਧੂ ਤੇ ਡੀਐੱਸਪੀ ਮਨਜੀਤ ਸਿੰਘ ਔਲਖ ਵੱਲੋਂ ਦੁਕਾਨਦਾਰਾਂ ਨੂੰ ਚਿਤਾਵਨੀ ਰਾਜਵੀਰ ਸਿੰਘ ਚੌਂਤਾ,ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਵਿਖੇ ਜਾਨਲੇਵਾ ਪਲਾਸਟਿਕ ਡੋਰ ’ਤੇ ਪੂਰਨ ਪਾਬੰਦੀ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਇਆ ਹੋਇਆ ਹੈ। ਇਸੇ ਕੜੀ ਤਹਿਤ ਐਸਡੀਐਮ ਅਮਰੀਕ ਸਿੰਘ ਸਿੱਧੂ ਅਤੇ ਡੀਐਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਸ਼੍ਰੀ ਚਮਕੌਰ ਸਾਹਿਬ ਖੇਤਰ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਦੁਕਾਨ ਤੋਂ ਪਲਾਸਟਿਕ ਡੋਰ ਬਰਾਮਦ ਹੁੰਦੀ ਹੈ ਤਾਂ ਸਬੰਧਿਤ ਦੁਕਾਨਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੌਕੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਪਲਾਸਟਿਕ ਡੋਰ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਇਹ ਆਮ ਲੋਕਾਂ ਖਾਸ ਕਰਕੇ ਬੱਚਿਆਂ, ਮੋਟਰਸਾਈਕਲ ਸਵਾਰਾਂ ਅਤੇ ਪਸ਼ੂ-ਪੰਛੀਆਂ ਲਈ ਜਾਨਲੇਵਾ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਪਲਾਸਟਿਕ ਡੋਰ ਕਾਰਨ ਕਈ ਗੰਭੀਰ ਹਾਦਸੇ ਵਾਪਰਦੇ ਹਨ ਤੇ ਕਈ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡੀਐੱਸਪੀ ਮਨਜੀਤ ਸਿੰਘ ਔਲਖ ਨੇ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਲਾਸਟਿਕ ਡੋਰ ਦੇ ਕਾਰਨ ਕਈ ਗੰਭੀਰ ਹਾਦਸੇ ਤੇ ਜਾਨ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਡੋਰ ਧਾਤੂ ਅਤੇ ਰਸਾਇਣਕ ਪਦਾਰਥਾਂ ਨਾਲ ਬਣੀ ਹੋਈ ਹੁੰਦੀ ਹੈ ਜੋ ਸਧਾਰਣ ਸੂਤੀ ਡੋਰ ਨਾਲੋਂ ਕਈ ਗੁਣਾ ਜ਼ਿਆਦਾ ਘਾਤਕ ਹੁੰਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ‘ਚ ਕਿਸੇ ਵੀ ਤਰ੍ਹਾਂ ਦੀ ਪਾਬੰਦੀਸ਼ੁਦਾ ਡੋਰ ਨਾ ਰੱਖਣ। ਅਧਿਕਾਰੀਆਂ ਨੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਇਨਾ ਡੋਰ ਦੀ ਗੈਰਕਾਨੂੰਨੀ ਵਿਕਰੀ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਜਾਂ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵੀ ਇਸ ਤਰ੍ਹਾਂ ਦੀਆਂ ਜਾਂਚ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਤੰਗਬਾਜ਼ੀ ਕਰਨ ਲਈ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਤੇ ਨਾ ਹੀ ਬੱਚਿਆਂ ਨੂੰ ਕਰਨ ਦੇਣ ਤਾਂ ਜੋ ਕਿਸੀ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।