ਰੂਪਨਗਰ ਵਿਖੇ ਸੜਕਾਂ ਦੀ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ
ਰੂਪਨਗਰ ਵਿਖੇ ਸੜਕਾਂ ਦੀ ਖਸਤਾ ਹਾਲ ਕਾਰਨ ਸ਼ਹਿਰਵਾਸੀ ਤੇ ਰਾਹਗੀਰ ਪ੍ਰੇਸ਼ਾਨ
Publish Date: Thu, 15 Jan 2026 05:45 PM (IST)
Updated Date: Thu, 15 Jan 2026 05:48 PM (IST)

ਅੰਮ੍ਰਿਤਪਾਲ ਸਿੰਘ,ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਦੀਆਂ ਬੇਹੱਦ ਖਸਤਾ ਹਾਲ ਸੜਕਾਂ ’ਤੇ ਵਾਹਨਾਂ ਰਾਹੀਂ ਜਾਣਾ ਤਾਂ ਦੂਰ ਦੀ ਗੱਲ ਹੈ ਸਗੋਂ ਆਮ ਲੋਕਾਂ ਲਈ ਪੈਦਲ ਚੱਲਣਾ ਵੀ ਦੁਭਰ ਹੋ ਗਿਆ ਹੈ। ਰੂਪਨਗਰ ਦੀਆਂ ਕਈ ਸੜਕਾਂ ਦੀ ’ਤੇ ਪਏ ਟੋਇਆਂ ਦੇ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੂਪਨਗਰ ਨਗਰ ਕੌਂਸਲ ਵੱਲੋਂ ਸੜਕਾਂ ਦੀ ਮੁਰੰਮਤ ਨਾ ਕਰਵਾਏ ਜਾਣ ਦੇ ਕਾਰਨ ਰੋਜ਼ਾਨਾ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖਮੀ ਵੀ ਹੋ ਜਾਂਦੇ ਹਨ। ਇਸ ਦੇ ਕਾਰਨ ਸਥਾਨਕ ਵਾਸੀਆਂ ਤੇ ਰਾਹਗੀਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਨਗਰ ਕੌਂਸਲ ਕਿਸੀ ਬੜੇ ਹਾਦਸੇ ਦੀ ਉਡੀਕ ਕਰ ਰਹੀ ਹੈ। ਰੂਪਨਗਰ ਵਿਖੇ ਸੜਕਾਂ ਦੀ ਮਾੜੀ ਹਾਲਤ ਇੱਕ ਵਾਰਡ ਜਾਂ ਮੁਹੱਲੇ ਦੀ ਨਹੀਂ ਸਗੋਂ ਕਈ ਮੁੱਖ ਸੜਕਾਂ ਵੀ ਖਸਤਾ ਹਾਲ ਵਿਚ ਹਨ। ਸ਼ਹਿਰ ਵਿਚ ਕਈ ਸੜਕਾਂ ਤਾਂ ਅਜਿਹੀਆਂ ਹਨ ਜਿਸ ਤੋਂ ਰੋਜ਼ਾਨਾ ਹੀ ਵੱਡ ਅਧਿਕਾਰੀ ਲੰਘਦੇ ਹਨ ਪ੍ਰੰਤੂ ਸੜਕਾਂ ਦੀ ਹਾਲਤ ਸੁਧਾਰਨ ਲਈ ਨਾ ਤਾਂ ਅਧਕਾਰੀ ਪਹਿਲ ਕਰਦੇ ਹਨ ਤੇ ਨਾ ਹੀ ਸ਼ਹਿਰ ਦੇ ਕੌਂਸਲਰ ਜਾਂ ਹਲਕਾ ਵਿਧਾਇਕ। ਮਾਜਰੀ ਤੇ ਕੋਟਲਾ ਨਿਹੰਗ ਨੂੰ ਜਾਂਦੀ ਸੜਕ ’ਤੇ ਪਏ ਖੱਡੇ ਰੂਪਨਗਰ ਦੇ ਨੰਗਲ ਚੌਂਕ ਤੋਂ ਮਾਜਰੀ ਅਤੇ ਕੋਟਲਾ ਨਿਹੰਗ ਨੂੰ ਜਾਣ ਵਾਲੀ ਸੜਕ ਬੇਹੱਦ ਖਸਤਾ ਹਾਲ ਹੋ ਗਈ ਹੈ। ਇਸ ਸੜਕ ’ਤੇ ਨੰਗਲ ਚੌਂਕ ਵਿਖੇ ਰੇਲਵੇ ਫਾਟਕ ਦੇ ਕੋਲ ਤਾਂ ਸੜਕ ’ਤੇ ਵੱਡੇ ਵੱਡੇ ਖੱਡੇ ਪੈ ਗਏ ਹਨ। ਇਸ ਸੜਕ ਦੀ ਖਸਤਾ ਹਾਲਤ ਦੇ ਕਾਰਨ ਸਥਾਨਕ ਵਾਸੀਆਂ ਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੜਕ ਦਰਜਨਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ, ਜਿਸ ਦੇ ਕਾਰਨ ਇਸ ਸੜਕ ’ਤੇ ਭਾਰੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਦੇ ਇਲਾਵਾ ਖਸਤਾ ਹਾਲ ਸੜਕ ਤੋਂ ਉੱਡਦੀ ਧੂੜ-ਮਿੱਟੀ ਦੇ ਕਾਰਨ ਆਸਪਾਸ ਦੇ ਦੁਕਾਨਦਾਰਾਂ ਤੇ ਸਥਾਨਕ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਦੀ ਹਾਲਤ ਸੁਧਾਰਨ ਵੱਲ ਕਿਸੇ ਵੀ ਅਧਿਕਾਰੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਟੀ-ਪੁਆਇੰਟ ’ਤੇ ਬਣੇ ਟੋਇਆਂ ਕਾਰਨ ਰਾਹਗੀਰ ਪ੍ਰੇਸ਼ਾਨ: ਇਸੇ ਤਰ੍ਹਾਂ ਸ਼ਹਿਰ ਦੇ ਮੁੱਖ ਬਜ਼ਾਰ ਗਾਂਧੀ ਚੌਂਕ ਦੇ ਕੋਲ ਟੀ-ਪੁਆਇੰਟ ’ਤੇ ਪਏ ਟੋਇਆਂ ਦੇ ਕਾਰਨ ਦੋ ਪਹੀਆ ਵਾਹਨ ਚਾਲਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਬੰਧੀ ਦੁਕਾਨਦਾਰ ਦੀਪਕ ਕੁਮਾਰ ਬਿੱਲਾ, ਰਾਜੀਵ ਕੁਮਾਰ, ਦੀਪਕ ਲੱਖਾਨੀ, ਕਾਲਾ ਟੇਲਰ, ਅਮਨ, ਲਲਿਤ ਕੁਮਾਰ, ਸੰਜੇ ਕੁਮਾਰ, ਨਰੇਸ਼, ਮੁਖਤਿਆਰ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਮੁੱਖ ਬਜ਼ਾਰ ਨੂੰ ਜਾਂਦੀ ਹੈ। ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਰਾਹਗੀਰ ਆਪਣੇ ਵਾਹਨਾਂ ’ਤੇ ਲੰਘਦੇ ਹਨ। ਉਨ੍ਹਾਂ ਕਿਹਾ ਕਿ ਇਸ ਟੀ-ਪੁਆਇੰਟ ’ਤੇ ਚੜ੍ਹਾਈ ਹੋਣ ਦੇ ਕਾਰਨ ਲੋਕ ਤੇਜੀ ਨਾਲ ਲੰਘਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਇਸ ਜਗ੍ਹਾ ’ਤੇ ਪਏ ਟੋਇਆਂ ਦੇ ਕਾਰਨ ਉਹ ਅਕਸਰ ਗਿਰ ਕੇ ਜ਼ਖਮੀ ਹੋ ਜਾਂਦੇ ਹਨ। ਇਸ ਦੇ ਇਲਾਵਾ ਅੱਗੇ ਤੋਂ ਹੋਰ ਵਾਹਨ ਦੇ ਆਉਣ ਦੇ ਕਾਰਨ ਵੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਟੀ-ਪੁਆਇੰਟ ’ਤੇ ਆ ਕੇ ਟੋਇਆਂ ਦੇ ਕਾਰਨ ਬਜ਼ੁਰਗ ਚਾਲਕਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਅਕਸਰ ਡਿੱਗ ਜਾਂਦੇ ਹਨ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਉਹ ਕਈ ਵਾਰੀ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਵਾਰਡ ਦੇ ਕੌਂਸਲਰ ਨੂੰ ਇਸ ਸਮੱਸਿਆ ਦਾ ਸਥਾਈ ਹੱਲ੍ਹ ਕਰਨ ਸਬੰਧੀ ਦੱਸ ਚੁੱਕ ਹਨ ਪ੍ਰੰਤੂ ਇਨ੍ਹਾਂ ਟੋਇਆਂ ਨੂੰ ਭਰਨ ਦੀ ਕਿਸੇ ਨੇ ਵੀ ਪਹਿਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਸਕੂਲ ਆਉਣ-ਜਾਣ ਵਾਲੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਨਗਰ ਕੌਂਸਲ ਨੂੰ ਸ਼ਹਿਰਵਾਸੀਆਂ ਦੀ ਕੋਈ ਪਰਵਾਹ ਨਹੀਂ ਹੈ। ਬੜੀ ਹਵੇਲੀ ਤੋਂ ਸ਼ਾਮਪੁਰਾ ਜਾਂਦੀ ਸੜਕ ਖਸਤਾ ਹਾਲ ਇਸ ਦੇ ਇਲਾਵਾ ਬੜੀ ਹਵੇਲੀ ਦੇ ਨਵੇਂ ਗੁਰਦੁਆਰਾ ਸਾਹਿਬ ਤੋਂ ਸ਼ਾਮਪੁਰਾ ਤੱਕ ਜਾਂਦੀ ਸੜਕ ਵੀ ਬੇਹੱਦ ਖਸਤਾ ਹਾਲ ਹੈ। ਇਸ ਸੜਕ ’ਤੇ ਤਾਂ ਸੜਕ ਨਜ਼ਰ ਹੀ ਨਹੀਂ ਆਉਂਦੀ। ਇਸ ਸੜਕ ’ਤੇ ਨਵੇਂ ਸਿਨੇਮੇ ਕੋਲ ਤਾਂ ਸੜਕ ਦਾ ਨਾਮੋ-ਨਿਸ਼ਾਨ ਨਹੀਂ ਹੈ। ਇਸ ਸੜਕ ’ਤੇ ਸਬੰਧਿਤ ਠੇਕੇਦਾਰ ਵੱਲੋਂ ਮਲਵਾ ਸੁੱਟਵਾਇਆ ਗਿਆ ਹੈ ਜੋ ਕਿ ਰਾਹਗੀਰਾਂ ਤੇ ਸਥਾਨਕ ਵਾਸੀਆਂ ਦੇ ਲਈ ਹੋਰ ਵੀ ਪ੍ਰੇਸ਼ਾਨੀਆਂ ਪੈਦਾ ਕਰਦਾ ਹੈ। ਇਸ ਸਬੰਧੀ ਗਣੇਸ਼, ਅੰਜਨੀ ਕੁਮਾਰ, ਮਨੋਜ, ਮੋਨਿਕਾ, ਬੁੱਧ ਸੇਨ, ਪੁਸ਼ਪਾ, ਅਸ਼ਵਨੀ, ਇੰਦਰਪਾਲ, ਹੈੱਪੀ, ਹਰਜੀਤ ਪਾਲ, ਅਮਨ ਟੇਲਰ ਆਦਿ ਨੇ ਕਿਹਾ ਕਿ ਕੁੱਝ ਸਮੇਂ ਪਹਿਲਾਂ ਇਸ ਸੜਕ ’ਤੇ ਨਵੇਂ ਸਿਨੇਮੇ ਦੇ ਕੋਲ ਮਲਵਾ ਤੇ ਮਿੱਟੀ ਸੁੱਟੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਬਰਸਾਤ ਦੇ ਦਿਨਾਂ ਵਿਚ ਉਨ੍ਹਾਂ ਨੂੰ ਤੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕੀ ਬਰਸਾਤ ਪੈਣ ਦੇ ਨਾਲ ਹੀ ਇਸ ਜਗਾ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਦੇ ਕਾਰਨ ਅਕਸਰ ਛੋਟੀਆਂ ਕਾਰਾਂ ਤੇ ਦੋਪਹੀਆ ਵਾਹਨ ਫਸ ਜਾਂਦੇ ਹਨ ਜਾਂ ਵਾਹਨ ਚਾਲਕ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਸੜਕ ਨਾ ਬਣਨ ਦੇ ਕਾਰਨ ਉਹ ਸੰਤਾਪ ਹੰਢਾ ਰਹੇ ਹਨ। ਇਸ ਦੇ ਇਲਾਵਾ ਸਥਾਨਕ ਵਾਸੀਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਸੜਕ ਤੋਂ ਧੂੜ ਮਿੱਟੀ ਉੱਡ ਕੇ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਵਿਚ ਭਰ ਜਾਂਦੀ ਹੈ। ਉਨ੍ਹਾਂ ਨਗਰ ਕੌਂਸਲ ਤੇ ਹਲਕਾ ਵਿਧਾਇਕ ਨੂੰ ਇਸ ਸੜਕ ਦਾ ਜਲਦ ਤੋਂ ਜਲਦ ਨਿਰਮਾਣ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਇਲਾਵਾ ਬੜੀ ਹਵੇਲੀ ਤੋਂ ਬਾਈਪਾਸ ਨੂੰ ਜਾਂਦੀਆਂ ਸੜਕਾਂ ਦੇ ਨਾਲ-ਨਾਲ ਜੇਐੱਸ ਰਿਜ਼ੋਰਟ-2 ਤੇ ਸ਼ਾਮਪੁਰਾ ਚੌਂਕ ਤੋਂ ਬਾਈਪਾਸ ਨੂੰ ਜਾਂਦੀ ਸੜਕਾਂ ’ਤੇ ਵੀ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਜੋ ਰਾਹਗੀਰਾਂ ਤੇ ਸਥਾਨਕ ਵਾਸੀਆਂ ਲਈ ਵੰਡੀ ਪ੍ਰੇਸ਼ਾਨੀ ਬਣੇ ਹੋਏ ਹਨ। ਸ਼ਹਿਰਵਾਸੀਆਂ ਨੇ ਇਨ੍ਹਾਂ ਸੜਕਾਂ ਦੀ ਹਾਲਤ ਸੁਧਾਰਨ ਦੀ ਅਪੀਲ ਕੀਤੀ ਹੈ।