ਰਿਸ਼ਤੇਦਾਰਾਂ ਨਾਲ ਮਿਲ ਕੇ ਪਤੀ ਨਾਲ ਕੀਤੀ ਕੁੱਟਮਾਰ
ਪਤਨੀ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਤੀ ਨਾਲ ਕੀਤੀ ਕੁੱਟਮਾਰ, ਪਤੀ ਜ਼ਖਮੀ
Publish Date: Thu, 15 Jan 2026 05:18 PM (IST)
Updated Date: Thu, 15 Jan 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਵਾਸੀ ਇੱਕ ਵਿਅਕਤੀ ਨੂੰ ਉਸ ਦੀ ਪਤਨੀ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਮਾਰਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਤੋਂ ਉਪਰੰਤ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ ਹੈ ਜੋ ਕਿ ਜੇਰੇ ਇਲਾਜ ਹੈ। ਜ਼ਖਮੀ ਦੀ ਪਹਿਚਾਣ ਸ਼ਾਂਤਾ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਭਿੰਡਰਨਗਰ, ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਂਤਾ ਕੁਮਾਰ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਸ ਦੇ ਚਾਰ ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਪ੍ਰੈਲ-2025 ਦੌਰਾਨ ਉਸ ਨੂੰ ਤੇ ਬੱਚਿਆਂ ਨੂੰ ਛੱਡ ਕੇ ਕਿਸੇ ਨਾਲ ਬਿਨ੍ਹਾਂ ਦੱਸੇ ਘਰੋਂ ਕਿਸੇ ਹੋਰ ਨੌਜਵਾਨ ਦੇ ਨਾਲ ਚਲੀ ਗਈ ਸੀ। ਉਸ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਹ ਦੀਵਾਲੀ ਨੂੰ ਬੱਚਿਆਂ ਨੂੰ ਮਿਲਣ ਲਈ ਘਰ ਆਈ ਸੀ ਪ੍ਰੰਤੂ ਦੁਬਾਰਾ ਆਪਣੀ ਭੈਣ ਦੇ ਘਰ ਆਸਰੋਂ (ਐੱਸਬੀਐੱਸ ਨਗਰ) ਵਿਖੇ ਰਹਿਣ ਲੱਗ ਗਈ। ਉਸ ਨੇ ਦੱਸਿਆ ਕਿ 12 ਜਨਵਰੀ ਨੂੰ ਉਸ ਦੀ ਪਤਨੀ ਨੇ ਉਸ ਨੂੰ ਆਪਣੀ ਭੈਣ ਦੇ ਘਰ ਬੁਲਾਇਆ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਦੀ ਭੈਣ ਦੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਧਮਕਾਉਣਾ ਤੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ, ਪਤਨੀ ਦੇ ਜੀਜਾ ਤੇ ਭਰਾ ਨੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਸਿਰ ਵਿਚ ਸੱਟ ਵੱਜੀ ਹੈ ਤੇ ਉਸ ਨੂੰ ਸਥਾਨਕ ਵਾਸੀਆਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਉਹ 12 ਜਨਵਰੀ ਤੋਂ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ ਅਤੇ ਹਸਪਤਾਲ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪ੍ਰੰਤੂ ਅਜੇ ਤੱਕ ਉਸ ਦੇ ਬਿਆਨ ਲੈਣ ਲਈ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਨਹੀਂ ਆਇਆ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ।