ਗਤਕਾ ਮੁਕਾਬਲੇ ’ਚ ਜਸਪ੍ਰੀਤ ਸਿੰਘ ਅੱਵਲ
ਨੈਸ਼ਨਲ ਪੱਧਰੀ ਗਤਕਾ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਹੇ ਜਸਪ੍ਰੀਤ ਸਿੰਘ ਮੜੌਲੀ
Publish Date: Wed, 14 Jan 2026 04:20 PM (IST)
Updated Date: Wed, 14 Jan 2026 04:21 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਪਿੰਡ ਮੜੌਲੀ ਕਲਾਂ ਦੇ ਗੱਤਕਾ ਦੇ ਖਿਡਾਰੀ ਜਸਪ੍ਰੀਤ ਸਿੰਘ ਜੱਸੂ ਨੇ ਨੈਸ਼ਨਲ ਪੱਧਰੀ ਗੱਤਕਾ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ , ਪਿੰਡ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਸਤਵਿੰਦਰ ਸਿੰਘ ਮੜੌਲਵੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਲੁਧਿਆਣਾ ਵਿਖੇ 10 ਜਨਵਰੀ ਨੂੰ ਕਰਵਾਏ ਗੱਤਕਾ ਮੁਕਾਬਲਿਆਂ ਵਿਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਜਸਪ੍ਰੀਤ ਦੇ ਪਿਤਾ ਪਰਮਿੰਦਰ ਸਿੰਘ ਤੇ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਜਸਪ੍ਰੀਤ ਬਚਪਨ ਤੋਂ ਹੀ ਗੱਤਕਾ ਵਿਚ ਰੁਚੀ ਰੱਖਦਾ ਹੈ। ਉਸ ਨੇ ਆਪਣੀ ਸਖਤ ਮਿਹਨਤ ਨਾਲ ਲਗਾਤਾਰ ਬਲਾਕ, ਜ਼ਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ ’ਤੇ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਦੱਸਿਆ ਕਿ ਜਸਪ੍ਰੀਤ 12ਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਢੰਗਰਾਲੀ ਵਿਖੇ ਪੜ੍ਹਦਾ ਹੈ। ਉਹ ਹੁਣ ਤੱਕ ਸਟੇਟ ਅਤੇ ਨੈਸ਼ਨਲ ਪੱਧਰ ’ਤੇ ਕਈ ਵਾਰ ਖੇਡ ਚੁੱਕਿਆ ਹੈ। ਇਸ ਵਾਰ ਉਸ ਨੇ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਨੈਸ਼ਨਲ ਪੱਧਰ ਦੀਆਂ ਗੱਤਕਾ ਖੇਡਾਂ ਦੇ ਸਿੰਗਲ ਸੋਟੀ ਅਤੇ ਟੀਮ ਵਿਚ ਭਾਗ ਲੈ ਕੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ। ਗੋਲਡ ਮੈਡਲਿਸਟ ਜਸਪ੍ਰੀਤ ਸਿੰਘ ਜੱਸੂ ਮੜੌਲੀ ਦੇ ਪਿੰਡ ਪਹੁੰਚਣ ’ਤੇ ਦੋਸਤਾਂ, ਰਿਸ਼ਤੇਦਾਰਾਂ, ਮਾਤਾ-ਪਿਤਾ ਅਤੇ ਢੰਗਰਾਲੀ ਸਕੂਲ ਦੇ ਖੇਡ ਅਧਿਆਪਕ ਅਮਨਦੀਪ ਸਿੰਘ ਅ ਪਿੰਡ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਤੇ ਵਧਾਈਆਂ ਦਿੱਤੀਆਂ।